ਚੰਡੀਗੜ੍ਹ: ਲੌਕਡਾਊਨ ਕਾਰਨ ਸੂਬੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦੇ ਫੈਸਲੇ ਖ਼ਿਲਾਫ਼ ਕਾਂਗਰਸੀ ਆਗੂਆਂ ਦੀਆਂ ਪਤਨੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਕਾਪਟਨ ਅਮਰਿੰਦਰ ਸਿੰਘ ਨੂੰ ਸ਼ਰਾਬ ਘਰ ਪਹੁੰਚਾਉਣ ਦੇ ਫ਼ੈਸਲੇ ਬਾਰੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸ ਦੇ ਵਜ਼ੀਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕੌਂਸਲਰ ਮਮਤਾ ਆਸ਼ੂ ਨੇ ਮੁੱਖ ਮੰਤਰੀ ਨੂੰ ਟਵੀਟ ਕਰਦਿਆਂ ਕਿਹਾ ਕਿ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਪਰ ਸ਼ਰਾਬ ਦੀ ਹੋਮ ਡਿਲਿਵਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਹੋਮ ਡਿਲੀਵਰੀ ਨਾਲ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ। ਆਸ਼ੂ ਦੀ ਪਤਨੀ ਨੇ ਕਿਹਾ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕੀਤਾ ਸੀ ਇਸ ਲਈ ਇਸ ਫ਼ੈਸਲੇ ਤੇ ਮੁੜ ਸੋਚਿਆ ਜਾਣਾ ਚਾਹੀਦਾ ਹੈ।
ਉਧਰ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਦੇ ਫ਼ੈਸਲੇ ’ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ। ਅੰਮ੍ਰਿਤਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਘਰੇਲੂ ਹਿੰਸਾ ਵਧੇਗੀ। ਅੰਮ੍ਰਿਤਾ ਨੇ ਟਵੀਟ ’ਚ ਲਿਖਿਆ, ‘ਕੈਪਟਨ ਅਮਰਿੰਦਰ ਸਿੰਘ ਜੀ, ਮੇਰੀ ਤੁਹਾਨੂੰ ਬੇਨਤੀ ਹੈ ਕਿ ਸ਼ਰਾਬ ਦੀ ਹੋਮ ਡਿਲੀਵਰੀ ਦੇ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ, ਕਿਉਂਕਿ ਇਸ ਨਾਲ ਘਰੇਲੂ ਹਿੰਸਾ ਵਧੇਗੀ।’
ਰਾਜਾ ਵੜਿੰਗ ਨੇ ਆਪਣੀ ਪਤਨੀ ਦਾ ਸਮਰਥਨ ਕਰਦਿਆਂ ਕਿਹਾ ਕਿ ਮੇਰੀ ਪਤਨੀ ਨੇ ਮਹਿਲਾ ਹੋਣ ਦੇ ਨਾਤੇ ਆਪਣੇ ਫ਼ਿਕਰ ਨੂੰ ਬੇਬਾਕੀ ਨਾਲ ਜ਼ਾਹਰ ਕੀਤਾ ਹੈ। ਪੰਜਾਬ ਐਕਸਾਈਜ਼ ਐਕਟ-1914 ਤਹਿਤ ਸ਼ਰਾਬ ਦੀ ਹੋਮ ਡਿਲੀਵਰੀ ਦੀ ਵਿਵਸਥਾ ਨਹੀਂ ਪਰ ਸੂਬਾ ਸਰਕਾਰ ਨੇ ਕਰੋਨਾਵਾਇਸ ਕਾਰਨ ਸਮਾਜਿਕ ਦੂਰੀ ਦੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੇ ਘਰਾਂ ਤੱਕ ਸ਼ਰਾਬ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਾਬ ਨੇ ਘੁਮਾਏ ਸਰਕਾਰ ਦੇ ਚੱਕਰ, ਮੀਟਿੰਗਾਂ ਦੇ ਲੰਬੇ ਦੌਰ 'ਚ ਵੀ ਨਹੀਂ ਹੋਇਆ ਕੋਈ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ