Punjab News:  ਅੰਮ੍ਰਿਤਪਾਲ ਸਿੰਘ (Amritpal Singh)ਦੀ ਨਵੀਂ ਪਾਰਟੀ ਦਾ ਐਲਾਨ ਉਨ੍ਹਾਂ ਦੇ ਸਮਰਥਕਾਂ ਵੱਲੋਂ 14 ਜਨਵਰੀ ਨੂੰ ਕੀਤਾ ਜਾ ਰਿਹਾ ਹੈ। ਇਸ ਦਾ ਐਲਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਮਾਘੀ ਮੇਲੇ ਦੌਰਾਨ ਕੀਤਾ ਜਾਵੇਗਾ, ਜਿਸ ਵਿਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਉਨ੍ਹਾਂ ਦੇ ਸਮੂਹ ਸਮਰਥਕ ਹਾਜ਼ਰ ਹੋਣਗੇ। 


ਇਸ ਦੌਰਾਨ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿੱਚ ਧਰਮ ਪਰਿਵਰਤਨ ਨੂੰ ਰੋਕਣ, ਨਸ਼ਾ ਖਤਮ ਕਰਨ, ਸਿੱਖ ਬੰਦੀਆਂ ਦੀ ਰਿਹਾਈ ਸਮੇਤ ਕਈ ਅਹਿਮ ਮੁੱਦੇ ਉਠਾਉਣ ਲਈ ਇਹ ਪਾਰਟੀ ਬਣਾ ਰਹੇ ਹਾਂ।  ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਉੱਤੇ NSA ਤਹਿਤ ਝੂਠੇ ਕੇਸ ਦਰਜ ਕੀਤੇ ਗਏ ਹਨ। ਫਿਲਹਾਲ ਅਸੀਂ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਕਰਾਂਗੇ। ਜੇਲ੍ਹ ਤੋਂ ਪਰਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਫੈਸਲਾ ਕਰਨਗੇ ਕਿ ਉਹ ਲੀਡਰਸ਼ਿਪ ਸੰਭਾਲਣਗੇ ਜਾਂ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ।



ਤਰਸੇਮ ਸਿੰਘ ਨੇ ਕਿਹਾ, ‘ਇਸ ਪਾਰਟੀ ਦੀ ਸ਼ੁਰੂਆਤ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਮਾਘੀ ਮੇਲੇ ਦੌਰਾਨ ਕੀਤੀ ਜਾਵੇਗੀ। ਅਸੀਂ ਪਾਰਟੀ ਦਾ ਸੰਵਿਧਾਨ ਤਿਆਰ ਕਰਨ ਲਈ ਵਰਕਿੰਗ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਕਮੇਟੀ ਹੀ ਤੈਅ ਕਰੇਗੀ ਕਿ ਸੰਵਿਧਾਨ ਕਿਹੋ ਜਿਹਾ ਹੋਵੇਗਾ। ਇਸ ਤੋਂ ਇਲਾਵਾ ਪਾਰਟੀ ਦਾ ਨਾਂਅ ਤੈਅ ਕੀਤਾ ਜਾਵੇਗਾ। 


ਤਰਸੇਮ ਸਿੰਘ ਨੇ ਦੱਸਿਆ ਕਿ ਮੈਂ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ ਹਾਂ, ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਜੇਲ੍ਹ ਦੇ ਅੰਦਰ ਹਾਂ, ਪਰ ਜੋ ਵੀ ਕੌਮ ਦੇ ਲੋਕ ਕਹਿਣ ਉਸ ਅਨੁਸਾਰ ਪਾਰਟੀ ਬਣਾਈ ਜਾਵੇ। ਆਪਣੇ ਬੇਟੇ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਮਾਮਲੇ 'ਤੇ ਤਰਸੇਮ ਨੇ ਕਿਹਾ ਕਿ ਉਹ ਕਦੋਂ ਆਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ ਉਸ ਨੂੰ ਜ਼ਬਰਦਸਤੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਜੇਲ ਤੋਂ ਆਉਣ ਤੋਂ ਬਾਅਦ ਹੀ ਦੱਸੇਗਾ ਕਿ ਪਾਰਟੀ ਦੀ ਅਗਵਾਈ ਉਹ ਖੁਦ ਸੰਭਾਲਣਗੇ ਜਾਂ ਕੋਈ ਹੋਰ ਕਰੇਗਾ।



ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਡੀ ਪਾਰਟੀ ਦਾ ਨਾਮ ਅਤੇ ਏਜੰਡਾ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਤੈਅ ਕੀਤਾ ਜਾਵੇਗਾ। ਪਰ ਇਹ ਤੈਅ ਹੈ ਕਿ ਪਾਰਟੀ ਦੇ ਨਾਮ ਅਤੇ ਏਜੰਡੇ ਵਿੱਚ ਪੰਜਾਬ ਨੂੰ ਅਹਿਮੀਅਤ ਦਿੱਤੀ ਜਾਵੇਗੀ।