Khadoor Sahib Lok Sabha Election Result 2024: ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ 'ਤੇ ਵੱਡੀ ਲੀਡ ਨਾਲ ਅੱਗੇ ਹਨ। ਅੰਮ੍ਰਿਤਪਾਲ ਸਿੰਘ ਨੇ ਸ਼ੁਰੂ ਤੋਂ ਹੀ ਲੀਡ ਹਾਸਲ ਕੀਤੀ ਹੋਈ ਹੈ ਜਿਸ ਨੂੰ ਤੋੜਨਾ ਔਖਾ ਲੱਗ ਰਿਹਾ ਹੈ। ਉਨ੍ਹਾਂ ਨੂੰ ਹੁਣ ਤੱਕ 72915 ਵੋਟਾਂ ਮਿਲੀਆਂ ਹਨ। ਦੂਜੇ ਨੰਬਰ ਉਪਰ 40003 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਹਨ।


ਦੱਸ ਦਈਏ ਕਿ 1 ਜੂਨ ਨੂੰ ਇੱਥੇ 62.55% ਵੋਟਿੰਗ ਹੋਈ ਸੀ। ਖਡੂਰ ਸਾਹਿਬ ਸੀਟ 'ਤੇ ਕੁੱਲ ਵੋਟਰਾਂ ਦੀ ਗਿਣਤੀ 16,67,797 ਹੈ। ਸ਼ਨੀਵਾਰ ਨੂੰ 10,43,248 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿੱਚੋਂ 5,40,201 ਪੁਰਸ਼, 5,03,033 ਔਰਤਾਂ ਤੇ 14 ਟਰਾਂਸਜੈਂਡਰਾਂ ਨੇ ਵੀ ਵੋਟ ਪਾਈ।


ਖਡੂਰ ਸਾਹਿਬ ਸੀਟ 'ਤੇ ਤਿਕੋਣਾ ਮੁਕਾਬਲਾ
ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਦੇ ਮੈਦਾਨ ਵਿੱਚ ਆਉਣ ਕਾਰਨ ਖਡੂਰ ਸਾਹਿਬ ਸੀਟ 'ਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਸੀ। ਪਹਿਲਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਵਿਚਕਾਰ ਸੀ ਪਰ ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਪ੍ਰਵੇਸ਼ ਕਰ ਲਿਆ ਤੇ ਸਾਰੇ ਸਮੀਕਰਨ ਹੀ ਬਦਲ ਗਏ। ਇਨ੍ਹਾਂ ਤਿੰਨਾਂ ਤੋਂ ਇਲਾਵਾ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਚੋਣ ਮੈਦਾਨ ਵਿੱਚ ਹਨ।


ਅੰਮ੍ਰਿਤਪਾਲ ਜੇਲ੍ਹ 'ਚ ਬੈਠ ਕੇ ਨਤੀਜੇ ਦੇਖ ਰਹੇ
ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ 'ਤੇ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁੱਧ 12 ਵੱਖ-ਵੱਖ ਕੇਸ ਦਰਜ ਹਨ। ਐਨਐਸਏ ਕਾਰਨ ਉਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹਨ। 


ਉਨ੍ਹਾਂ ਨੂੰ ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਇਸ ਕਾਰਨ ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਪ੍ਰਚਾਰ ਕੀਤਾ ਤੇ ਮਾਂ-ਪਿਉ ਉਨ੍ਹਾਂ ਦੀ ਥਾਂ ਲੋਕਾਂ ਵਿੱਚ ਗਏ। ਹੁਣ ਜਦੋਂ ਅੱਜ ਨਤੀਜੇ ਐਲਾਨੇ ਜਾ ਰਹੇ ਹਨ ਤਾਂ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੈਠ ਕੇ ਆਪਣੇ ਨਤੀਜੇ ਦੇਖ ਰਹੇ ਹਨ।