ਚੰਡੀਗੜ੍ਹ: ਇਸ ਵਾਰ ਦਾ ਮਾਨਸੂਨ ਭਾਰਤ 'ਤੇ ਕਹਿਰ ਵਰ੍ਹਾ ਰਿਹਾ ਹੈ। ਤਕਰੀਬਨ ਅੱਧਾ ਭਾਰਤ ਹੜ੍ਹਾਂ ਵਿੱਚ ਡੁੱਬ ਗਿਆ ਹੈ। ਹੁਣ ਪੰਜਾਬ ਵੀ ਇਸ ਦੀ ਚਪੇਟ ਵਿੱਚ ਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਬਾਰੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ ਲਈ 0183-2229125 ਤੇ 96469-95595 ਨੰਬਰ ਜਾਰੀ ਕੀਤੇ ਗਏ ਹਨ। ਬਾਬਾ ਬਕਾਲਾ ਲਈ 01853-245510 ਤੇ 98554-69563 ਤੇ ਅਜਨਾਲਾ ਲਈ 01858-221037 ਤੇ 98153-98111 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।


ਇਸ ਬਾਰੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਆਸ ਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਜ਼ਰੂਰ ਕੁਝ ਵਧਿਆ ਸੀ, ਪਰ ਖਤਰੇ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦਾ ਅੰਮ੍ਰਿਤਸਰ ਵਾਲਾ ਪਾਸਾ ਉੱਚਾ ਹੈ ਜਦਕਿ ਰਾਵੀ ਦਰਿਆ ਦਾ ਅੰਮ੍ਰਿਤਸਰ ਵਾਲਾ ਪਾਸਾ ਨੀਵਾਂ ਹੈ, ਪਰ ਸਥਿਤੀ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਊਝ ਦਰਿਆ ਦਾ ਪਾਣੀ ਰਾਵੀ ਵਿੱਚ ਆਉਣ ਕਾਰਨ ਪਾਣੀ ਦਾ ਪੱਧਰ ਬੀਤੇ ਕੱਲ੍ਹ ਜ਼ਰੂਰ ਵਧਿਆ ਸੀ ਪਰ ਹੁਣ ਪਾਣੀ ਆਮ ਦੀ ਤਰ੍ਹਾਂ ਚੱਲ ਰਿਹਾ ਹੈ।


ਯਾਦ ਰਹੇ 1988 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੜ੍ਹਾਂ ਦੀ ਭਾਰੀ ਮਾਰ ਪਈ ਸੀ ਤੇ ਜ਼ਿਲ੍ਹੇ 'ਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਹਾਲਾਤ 1988 ਵਰਗੇ ਨਹੀਂ ਹਨ। ਪ੍ਰਸ਼ਾਸਨ ਨੇ ਹਰ ਚੀਜ਼ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਹੈ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹਾਲਾਤ ਨੂੰ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।


ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਬ ਡਵੀਜਨ ਦੇ ਹੇਠੋਂ ਬਿਆਸ ਦਰਿਆ ਗੁਜ਼ਰਦਾ ਹੈ ਤੇ ਅਜਨਾਲਾ ਸਬ ਡਵੀਜਨ ਨੂੰ ਰਾਵੀ ਦਰਿਆ ਲੱਗਦਾ ਹੈ ਜਿਸ ਕਾਰਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਐਸਡੀਐਮ ਬਾਬਾ ਬਕਾਲਾ ਅਤੇ ਐਸਡੀਐਮ ਅਜਨਾਲਾ ਦੇ ਅਧੀਨ ਟੀਮਾਂ ਬਣਾਈਆਂ ਹਨ, ਜੋ ਲਗਾਤਾਰ ਇਨ੍ਹਾਂ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਤੇ ਸਥਿਤੀ ਤੇ ਨਜ਼ਰ ਰੱਖ ਰਹੀਆਂ ਹਨ। ਫਿਲਹਾਲ ਇੱਥੇ ਪਾਣੀ ਦਾ ਪੱਧਰ ਕੰਟਰੋਲ ਹੇਠ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇੱਥੇ ਖ਼ਤਰੇ ਦੀ ਕੋਈ ਗੱਲ ਨਹੀਂ।