ਜਲੰਧਰ: ਹਿਮਾਚਲ ਪ੍ਰਦੇਸ਼ ਵਿੱਚ ਮੋਹਲੇਧਾਰ ਬਾਰਸ਼ ਕਰਕੇ ਪੰਜਾਬ ਵਿੱਚ ਹੜ੍ਹ ਆ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਹੋਏ ਹਨ। ਇਸ ਨਾਲ ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਲਗਤਾਰ ਵਧ ਰਿਹਾ ਹੈ। ਸਭ ਤੋਂ ਵੱਧ ਤਬਾਹੀ ਸਤਲੁੱਜ ਦਰਿਆ ਕੰਢੇ ਵੱਸੇ ਪਿੰਡਾਂ ਵਿੱਚ ਮੱਚੀ ਹੋਈ ਹੈ। ਪਾਣੀ ਦੀ ਮਾਰ ਜਲੰਧਰ ਜ਼ਿਲ੍ਹੇ ਤੱਕ ਪਹੁੰਚ ਗਈ ਹੈ।

ਪ੍ਰਸ਼ਾਸਨ ਨੇ ਜਲੰਧਰ ਦੇ 85 ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ 85 ਪਿੰਡਾਂ 'ਚ ਸ਼ਾਮ ਤੱਕ ਪਾਣੀ ਪਹੁੰਚ ਜਾਵੇਗਾ। ਖਤਰੇ ਨੂੰ ਵੇਖਦਿਆਂ NDRF ਦੀਆਂ ਤਿੰਨ ਟੀਮਾਂ ਸ਼ਾਹਕੋਟ, ਨਕੋਦਰ ਤੇ ਫਿਲੌਰ ਲਈ ਰਵਾਨਾ ਹੋ ਗਈਆਂ ਹਨ। ਸਰਕਾਰੀ ਸੂਤਰਾਂ ਮੁਤਾਬਕ ਹਿਮਾਚਲ 'ਚ ਰਾਤ ਜ਼ਿਆਦਾ ਮੀਂਹ ਪੈਣ ਕਾਰਨ ਅੱਜ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਨਾਲ ਸਭ ਤੋਂ ਜ਼ਿਆਦਾ 63 ਪਿੰਡ ਸ਼ਾਹਕੋਟ ਦੇ ਪ੍ਰਭਾਵਿਤ ਹੋਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਛੇ ਵਜੇ ਸ਼ਾਹਕੋਟ ਪਾਣੀ ਪਹੁੰਚੇਗਾ। ਇਸ ਲਈ ਕਰੀਬ ਸਵਾ ਲੱਖ ਲੋਕਾਂ ਨੂੰ ਸ਼ਿਫਟ ਕਰਨਾ ਪਵੇਗਾ। ਪ੍ਰਸ਼ਾਸਨ ਨੇ ਆਰਮੀ ਨਾਲ ਗੱਲ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹਕੋਟ, ਫਿਲੌਰ ਤੇ ਨਕੋਦਰ 'ਚ ਲੋਕਾਂ ਵਾਸਤੇ ਕੈਂਪ ਬਣਾਏ ਗਏ ਹਨ।

ਕਾਬਲੇਗੌਰ ਹੈ ਕਿ ਭਾਖੜਾ ਡੈਮ ’ਚੋਂ ਛੱਡੇ ਵਾਧੂ ਪਾਣੀ ਨਾਲ ਨੰਗਲ, ਸ੍ਰੀ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਵਿੱਚ ਪਹਿਲਾਂ ਹੀ ਸਤਲੁਜ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਕਈਂ ਥਾਈਂ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਤੇ ਫ਼ਸਲਾਂ ’ਚ ਤਿੰਨ ਤੋਂ ਪੰਜ ਫੁੱਟ ਤਕ ਪਾਣੀ ਖੜ੍ਹ ਗਿਆ ਹੈ। ਪਾਣੀ ਤੇਜ਼ੀ ਨਾਲ ਅੱਘ ਵਧ ਰਿਹਾ ਹੈ ਜਿਸ ਮਗਰੋਂ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਰਣਜੀਤ ਸਾਗਰ ਡੈਮ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਸ਼ ਹੋਣ ਨਾਲ ਡੈਮ ਦੀ ਝੀਲ ਵਿੱਚ 70 ਹਜ਼ਾਰ ਕਿਊਸਕ ਪਾਣੀ ਦੀ ਆਮਦ ਦਰਜ ਕੀਤੀ ਗਈ। ਝੀਲ ਵਿੱਚ ਪਾਣੀ ਦਾ ਪੱਧਰ ਵਧ ਕੇ 519.85 ਮੀਟਰ ਹੋ ਗਿਆ ਹੈ। ਬਲਾਕ ਨੂਰਪੁਰ ਬੇਦੀ ਵਿੱਚੋਂ ਲੰਘਦੇ ਸਤਲੁਜ ਦਰਿਆ ਵਿੱਚ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਫਸਲਾਂ ਦੇ ਖਰਾਬੇ ਤੋਂ ਫ਼ਿਕਰਮੰਦ ਕਿਸਾਨਾਂ ਦੇ ਸਾਹ ਸੂਤੇ ਗਏ ਹਨ।

ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਥਾਰਿਟੀ ਫਲੱਡ ਗੇਟਾਂ ਰਾਹੀਂ ਕੁੱਲ 53 ਹਜ਼ਾਰ ਕਿਊਸਿਕ ਪਾਣੀ ਛੱਡ ਰਹੀ ਹੈ। ਇਸ ਵਿੱਚੋਂ 36000 ਕਿਊਸਿਕ ਪਾਣੀ ਪਾਵਰ ਜੈਨਰੇਸ਼ਨ ਲਈ ਵਰਤੋਂ ਕਰਨ ਮਗਰੋਂ ਛੱਡਿਆ ਗਿਆ ਹੈ। ਭਾਖੜਾ ਡੈਮ ਵਿੱਚ ਸ਼ਨੀਵਾਰ ਨੂੰ ਪਾਣੀ ਦਾ ਪੱਧਰ 1674.75 ਫੁੱਟ ਸੀ, ਜੋ ਪਿਛਲੇ ਸਾਲ ਇਸੇ ਅਰਸੇ ਦੌਰਾਨ ਦਰਜ ਅੰਕੜੇ ਤੋਂ ਲਗਪਗ 60 ਫੁੱਟ ਵੱਧ ਹੈ। ਭਾਖੜਾ ਡੈਮ ਦੇ ਕੈਚਮੈਂਟ ਏਰੀਆ ਵਿੱਚ ਪਾਣੀ ਭੰਡਾਰ ਕਰਨ ਦੀ ਕੁੱਲ ਸਮਰੱਥਾ 1680 ਫੁੱਟ ਹੈ।

ਲੰਘੀ ਰਾਤ ਲੁਧਿਆਣਾ, ਅੰਮ੍ਰਿਤਸਰ, ਮੁਹਾਲੀ ਤੇ ਚੰਡੀਗੜ੍ਹ ਸਮੇਤ ਪੰਜਾਬ ਵਿੱਚ ਕਈ ਥਾਈਂ ਮੀਂਹ ਪਿਆ। ਅਧਿਕਾਰੀ ਨੇ ਕਿਹਾ ਕਿ ਭਾਖੜਾ ’ਚੋਂ ਵਾਧੂ ਪਾਣੀ ਛੱਡੇ ਜਾਣ ਮਗਰੋਂ ਰੂਪਨਗਰ, ਲੁਧਿਆਣਾ, ਫ਼ਿਰੋਜ਼ਪੁਰ ਤੇ ਹੇਠਲੇ ਇਲਾਕਿਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸਤਲੁਜ ਦਰਿਆ ਤੇ ਨੀਵੇਂ ਇਲਾਕਿਆਂ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਕਰਦਿਆਂ ਆਪਣੀ ਸੁਰੱਖਿਆ ਲਈ ਇਹਤਿਆਤੀ ਕਦਮ ਚੁੱਕਣ ਲਈ ਆਖ ਦਿੱਤਾ ਗਿਆ ਹੈ।