ਚੰਡੀਗੜ੍ਹ: ਕੈਨੇਡਾ ਦੇ ਬ੍ਰੈਂਮਟਨ ਸ਼ਹਿਰ ਵਿੱਚ ਇੱਕ ਪੰਜਾਬੀ ਦੇ ਘਰ ਵਿੱਚ ਧਮਾਕਾ ਹੋ ਗਿਆ ਜੋ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ। ਇਸ ਧਮਾਕੇ ਨਾਲ ਘਰ ਦੇ ਪਰਖੱਚੇ ਉੱਡ ਗਏ। ਘਟਨਾ ਵਿੱਚ ਇੱਕ ਬੱਚੇ ਸਮੇਤ 4 ਪਰਿਵਾਰਕ ਮੈਂਬਰ ਜ਼ਖ਼ਮੀ ਹੋਏ। ਪੁਲਿਸ ਨੇ 57 ਸਾਲਾ ਪੰਜਾਬੀ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਭਾਰਤੀ ਸਮੇਂ ਮੁਤਾਬਕ 15 ਅਗਸਤ ਨੂੰ ਰਾਤ 11 ਵਜੇ ਵਾਪਰੀ। ਜਦੋਂ ਲੋਕਾਂ ਨੂੰ ਧਮਾਕੇ ਦਾ ਕਾਰਨ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਹ ਧਮਾਕਾ ਡੇਢ ਸਾਲ ਪਹਿਲਾਂ ਸੁਪਰ ਵੀਜ਼ਾ ‘ਤੇ ਕੈਨੇਡਾ ਗਏ ਪੰਜਾਬੀ ਵੱਲੋਂ ਉਨ੍ਹਾਂ ਦੇ ਘਰ ਸ਼ਰਾਬ ਕੱਢਣ ਦੌਰਾਨ ਹੋਇਆ।


ਲੁਧਿਆਣਾ ਦਾ ਵਸਨੀਕ ਜਸਵੰਤ ਸਿੰਘ ਆਪਣੇ ਬੱਚਿਆਂ ਨਾਲ ਕੈਨੇਡਾ ਵਿੱਚ ਰਹਿ ਰਿਹਾ ਸੀ। ਬ੍ਰੈਂਪਟਨ ਪੁਲਿਸ ਨੇ ਪੰਜਾਬੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇੱਕ ਵਿਸ਼ੇਸ਼ ਨੰਬਰ ਜਾਰੀ ਕਰਕੇ ਲੋਕਾਂ ਨੂੰ ਘਰ ਵਿੱਚ ਸ਼ਰਾਬ ਕੱਢਣ ਵਾਲੇ ਅਜਿਹੇ ਲੋਕਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।