ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਸ਼ਨੀਵਾਰ ਨੂੰ ਇੱਕ ਵਿਆਹ ਸਮਾਗਮ ਵਿੱਚ ਆਤਮਘਾਤੀ ਧਮਾਕਾ ਹੋਇਆ। ਇਸ ਘਟਨਾ ਵਿੱਚ ਤਕਰੀਬਨ 61 ਲੋਕ ਮਾਰੇ ਗਏ, ਜਦਕਿ 171 ਜ਼ਖਮੀ ਹੋ ਗਏ। ਅਫਗਾਨ ਪੱਤਰਕਾਰ ਬਿਲਾਲ ਸਰਵਰੀ ਦੇ ਅਨੁਸਾਰ ਹਜ਼ਾਰਾ ਭਾਈਚਾਰੇ ਦੇ ਵਿਆਹ ਵਿੱਚ ਇਹ ਧਮਾਕਾ ਹੋਇਆ।
ਇਹ ਘਟਨਾ ਦਾਰੂਲਮਾਨ ਖੇਤਰ ਵਿੱਚ ਵਾਪਰੀ। ਇਥੇ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਰਹਿੰਦੇ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਦੇ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10.40 ਵਜੇ (ਭਾਰਤੀ ਸਮੇਂ ਮੁਤਾਬਕ 11:40) ਵਾਪਰੀ।
ਗਵਾਹਾਂ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਵਿਆਹ ਹਾਲ ਵਿੱਚ ਮਹਿਮਾਨ ਮੌਜੂਦ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਕਾਬੁਲ ਵਿੱਚ ਇਸੇ ਮਹੀਨੇ ਇਹ ਦੂਜਾ ਹਮਲਾ ਹੈ। 8 ਅਗਸਤ ਨੂੰ ਵੀ ਇੱਕ ਧਮਾਕਾ ਹੋਇਆ ਸੀ ਜਿਸ ਵਿੱਚ 14 ਲੋਕ ਮਾਰੇ ਗਏ ਸਨ, ਜਦਕਿ 145 ਜ਼ਖਮੀ ਹੋਏ ਸਨ। ਤਾਲਿਬਾਨ ਨੇ ਪੱਛਮੀ ਖੇਤਰ ਵਿੱਚ ਅਫਗਾਨ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਲਈ ਕਾਰ ਵਰਤੀ ਗਈ ਸੀ। ਦੱਸ ਦੇਈਏ ਅਫਗਾਨਿਸਤਾਨ ਵਿੱਚ 28 ਸਤੰਬਰ ਨੂੰ ਚੋਣਾਂ ਹੋਣੀਆਂ ਹਨ।