ਨਵਜੋਤ ਸਿੱਧੂ ਜਲਦ ਖੋਲ੍ਹਣਗੇ ਸਿਆਸੀ ਪੱਤੇ, ਪਤਨੀ ਨੇ ਕੀਤਾ ਖੁਲਾਸਾ
ਏਬੀਪੀ ਸਾਂਝਾ | 23 Jul 2019 02:24 PM (IST)
ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਖ਼ੁਲਾਸਾ ਕੀਤਾ ਕਿ ਦੋ ਦਿਨ ਬਾਅਦ ਸਿੱਧੂ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਸੰਕੇਤ ਮਿਲੇ ਹਨ ਕਿ ਸਿੱਧੂ ਜਲਦ ਆਪਣੇ ਸਿਆਸੀ ਪੱਤੇ ਖੋਲ੍ਹ ਸਕਦੇ ਹਨ।
ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਮਨਜ਼ੂਰ ਹੋਣ ਬਾਅਦ ਤੋਂ ਹੀ ਚੁੱਪ ਸਾਧੀ ਹੋਈ ਹੈ। ਉਹ ਮੀਡੀਆ ਤੇ ਆਪਣੇ ਸਮਰਥਕਾਂ ਤੋਂ ਵੀ ਦੂਰ ਹਨ। ਅਜਿਹੇ ਵਿੱਚ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਖ਼ੁਲਾਸਾ ਕੀਤਾ ਕਿ ਦੋ ਦਿਨ ਬਾਅਦ ਸਿੱਧੂ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਸੰਕੇਤ ਮਿਲੇ ਹਨ ਕਿ ਸਿੱਧੂ ਜਲਦ ਆਪਣੇ ਸਿਆਸੀ ਪੱਤੇ ਖੋਲ੍ਹ ਸਕਦੇ ਹਨ। ਉਂਝ ਉਨ੍ਹਾਂ ਤੋਂ ਕਾਂਗਰਸੀਆਂ ਨੇ ਵੀ ਦੂਰੀ ਬਣਾ ਲਈ ਹੈ ਤੇ ਉਨ੍ਹਾਂ ਨੂੰ ਮਿਲਣ ਨਹੀਂ ਆ ਰਹੇ। ਕੁਝ ਲੋਕ ਮਿਲਣ ਆ ਵੀ ਰਹੇ ਹਨ ਪਰ ਸਿੱਧੂ ਉਨ੍ਹਾਂ ਨੂੰ ਮਿਲ ਨਹੀਂ ਰਹੇ। ਇਸੇ ਵਿਚਾਲੇ ਸਿੱਧੂ ਸਰਕਾਰੀ ਕੋਠੀ ਛੱਡ ਕੇ ਪਰਿਵਾਰ ਸਮੇਤ ਅੰਮ੍ਰਿਤਸਰ ਵਿੱਚ ਆਪਣੇ ਘਰ ਚਲੇ ਗਏ ਹਨ। ਕਿਆਸ ਲਾਏ ਜਾ ਰਹੇ ਸੀ ਕਿ ਉੱਥੇ ਪਹੁੰਚਣ ਬਾਅਦ ਸਿੱਧੂ ਨੂੰ ਮਿਲਣ ਵਾਲਿਆਂ ਦੀ ਭੀੜ ਜੁੜੇਗੀ ਪਰ ਅਜਿਹਾ ਕੁਝ ਨਹੀਂ ਦਿੱਸਿਆ। ਸ਼ਹਿਰ ਦਾ ਕੋਈ ਆਹਲਾ ਕਾਂਗਰਸ ਲੀਡਰ ਉਨ੍ਹਾਂ ਨੂੰ ਮਿਲਣ ਨਹੀਂ ਪੁੱਜਾ। ਸ਼ਹਿਰ ਦੇ ਹੋਰ ਲੀਡਰਾਂ ਵੀ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਹੈ। ਵਿਧਾਨ ਸਭਾ ਹਲਕੇ ਤੋਂ ਕੁਝ ਕੌਂਸਲਰ ਸਿੱਧੂ ਨੂੰ ਮਿਲਣ ਪਹੁੰਚੇ ਪਰ ਸਿੱਧੂ ਮਿਲੇ ਨਹੀਂ। ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਡਾ. ਨਵਜੋਤ ਕੌਰ ਸਿੱਧੂ ਨੇ ਹੀ ਦਫ਼ਤਰ ਵਿੱਚ ਪਹੁੰਚੇ ਸਮਰਥਕਾਂ ਨੂੰ ਭਰੋਸਾ ਦਿੱਤਾ ਕਿ ਦੋ ਦਿਨਾਂ ਅੰਦਰ ਸਿੱਧੂ ਉਨ੍ਹਾਂ ਨਾਲ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਸਮਰਥਕਾਂ ਨੇ ਸਿੱਧੂ ਦਾ ਸਮਰਥਨ ਕਰਦਿਆਂ ਉਨ੍ਹਾਂ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ।