ਅੰਮ੍ਰਿਤਸਰ : ਅੰਮ੍ਰਿਤਸਰ ਦੇ ਲਾਰੈਂਸ ਰੋਡ ਸਥਿਤ ਡੀਏਵੀ ਪਬਲਿਕ ਸਕੂਲ ( Amritsar DAV Public School )ਵਿੱਚ ਫਾਇਰਿੰਗ (Firing )ਕਰਨ ਅਤੇ ਬੰਬ ਧਮਾਕੇ ਦੀ ਧਮਕੀ ਸਕੂਲ ਦੇ ਤਿੰਨ ਬੱਚਿਆਂ ਨੇ ਦਿੱਤੀ ਸੀ। ਸਾਰੇ ਬੱਚੇ ਨੌਵੀਂ ਜਮਾਤ ਵਿੱਚ ਪੜ੍ਹਦੇ ਹਨ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਮੁਤਾਬਕ ਬੁੱਧਵਾਰ ਦੇਰ ਰਾਤ ਹੀ ਇਸ ਮਾਮਲੇ ਦਾ ਪੂਰੀ ਤਰ੍ਹਾਂ ਖੁਲਾਸਾ ਹੋ ਗਿਆ ਸੀ। ਇਸ ਸਬੰਧੀ ਬੱਚਿਆਂ ਦੇ ਪਰਿਵਾਰ ਵਾਲਿਆਂ ਅਤੇ ਸਕੂਲ ਪ੍ਰਿੰਸੀਪਲ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਕੂਲ ਦੇ ਤਿੰਨ ਬੱਚਿਆਂ ਨੇ ਇਹ ਸ਼ਰਾਰਤ ਕੀਤੀ ਸੀ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਮੋਬਾਈਲ ’ਤੇ ਸੁਨੇਹਾ ਭੇਜਿਆ ਕਿ 8 ਸਤੰਬਰ ਨੂੰ ਸਕੂਲ ’ਚ ਫਾਇਰਿੰਗ ਕੀਤੀ ਜਾਵੇਗੀ। ਮੈਸੇਜ ਵਿੱਚ ਸਕੂਲ ਵਿੱਚ ਬੰਬ ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਸੋਸ਼ਲ ਮੀਡੀਆ ਪੋਸਟਾਂ ਅੰਗਰੇਜ਼ੀ ਅਤੇ ਉਰਦੂ ਵਿੱਚ ਸਨ। ਜਿਸ ਤੋਂ ਬਾਅਦ ਪੁਲਿਸ ਦੀ ਡਿਟੈਕਟਿਵ ਟੀਮ ਤੁਰੰਤ ਹਰਕਤ ਵਿੱਚ ਆ ਗਈ।
ਜਿਸ ਵਿਅਕਤੀ ਨੇ ਇਹ ਸੋਸ਼ਲ ਮੀਡੀਆ ਪੋਸਟ ਕੀਤੀ ਸੀ, ਉਸ ਦੀ ਪਛਾਣ ਕਰਕੇ ਪੁੱਛਗਿੱਛ ਕੀਤੀ ਗਈ। ਪਤਾ ਲੱਗਾ ਹੈ ਕਿ ਇਹ ਡੀਏਵੀ ਪਬਲਿਕ ਸਕੂਲ ਦੇ ਬੱਚਿਆਂ ਨੇ ਹੀ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ, ਜਿਸ ਦੀ ਸ਼ਰਾਰਤ ਨਾਲ ਸ਼ਹਿਰ 'ਚ ਦਹਿਸ਼ਤ ਫੈਲ ਗਈ ਸੀ। ਪੁਲਿਸ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਕਿਹਾ ਕਿ ਉਹ ਹਮੇਸ਼ਾ ਆਪਣੇ ਬੱਚਿਆਂ ਦੇ ਮੋਬਾਈਲ ਫੋਨ 'ਤੇ ਨਜ਼ਰ ਰੱਖਣ ਕਿ ਉਹ ਕੀ ਕਰ ਰਹੇ ਹਨ ਕਿਉਂਕਿ ਬੱਚਿਆਂ ਦੇ ਇਸ ਮੈਸੇਜ ਨੇ ਸਕੂਲ ਮੁਖੀ, ਪਰਿਵਾਰ ਅਤੇ ਪੁਲਿਸ ਦੀ ਨੀਂਦ ਉਡਾ ਦਿੱਤੀ।
ਬੱਚਿਆਂ ਤੋਂ ਪੁੱਛਗਿੱਛ ਤੋਂ ਬਾਅਦ ਡੀਸੀਪੀ ਮੁਖਵਿੰਦਰ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਕਾਨੂੰਨ ਤੋਂ ਵੀ ਜਾਣੂ ਕਰਵਾਉਣ ਕਿਉਂਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨੂੰ ਚੰਗਾ ਬਣਾਉਣ ਲਈ ਪਰਿਵਾਰ ਦੇ ਨਾਲ-ਨਾਲ ਅਧਿਆਪਕਾਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ।