ਅੰਮ੍ਰਿਤਸਰ/ਚੰਡੀਗੜ੍ਹ: ਹੁਣ ਭਕਨਾ ਪਿੰਡ ਨੇੜੇ ਹੋਏ ਐਨਕਾਊਂਟਰ ਦੀ ਜਾਂਚ ਲਈ ਪੁਲੀਸ ਵਿਭਾਗ ਨੇ ਵੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਮਨਪ੍ਰੀਤ ਸਿੰਘ ਮਨੂੰ ਅਤੇ ਜਗਰੂਪ ਸਿੰਘ ਰੂਪਾ ਇਸ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੀ।ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਪਹਿਲਾਂ ਹੀ ਅਜਨਾਲਾ ਦੇ ਐੱਸ.ਡੀ.ਐੱਮ. ਵੱਲੋਂ ਕੀਤੀ ਜਾ ਰਹੀ ਹੈ।


ਇਹ ਟੀਮ ਆਈਜੀ ਬਾਰਡਰ ਰੇਂਜ ਮੁਨੀਸ਼ ਚਾਵਲਾ ਦੀ ਨਿਗਰਾਨੀ ਹੇਠ ਬਣਾਈ ਗਈ ਹੈ। ਇਸ ਦੀ ਜ਼ਿੰਮੇਵਾਰੀ ਐਸਪੀ ਇੰਵੈਸਟੀਗੇਸ਼ਨ ਗੁਰਦਾਸਪੁਰ ਪ੍ਰੀਤੀਪਾਲ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਅਤੇ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।


ਕਾਨੂੰਨੀ ਕਾਰਵਾਈ ਤਹਿਤ ਜਿੱਥੇ ਕਿਸੇ ਵੀ ਮੁਕਾਬਲੇ ਅਤੇ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਦੀ ਮੈਜਿਸਟ੍ਰੇਟ ਜਾਂਚ ਜ਼ਰੂਰੀ ਹੈ, ਉੱਥੇ ਇਸ ਲਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਵੀ ਜ਼ਰੂਰੀ ਹੈ। ਇਸ ਦੇ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜਿਸ ਨੇ ਸ਼ਨੀਵਾਰ ਨੂੰ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਫੋਰੈਂਸਿਕ ਟੀਮਾਂ ਪਹਿਲਾਂ ਹੀ ਇਸ ਘਟਨਾ ਸਬੰਧੀ ਸਾਰੇ ਲੋੜੀਂਦੇ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਡੂੰਘਾਈ ਨਾਲ ਜਾਂਚ ਵੀ ਕਰ ਰਹੀਆਂ ਹਨ।


20 ਜੁਲਾਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੋ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਭਕਨਾ ਵਿੱਚ ਪੁਲੀਸ ਵੱਲੋਂ ਮੁਕਾਬਲੇ ਦੌਰਾਨ ਮਾਰੇ ਗਏ ਸਨ। ਇਸ ਤੋਂ ਬਾਅਦ ਮੈਜਿਸਟ੍ਰੇਟ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵੇਂ ਗੈਂਗਸਟਰਾਂ ਦਾ ਪੋਸਟਮਾਰਟਮ ਵੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ। ਹੁਣ ਜਾਂਚ ਨੂੰ ਹੋਰ ਡੂੰਘਾਈ ਤੱਕ ਲਿਜਾਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ।