ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਅੰਮ੍ਰਿਤਸਰ ਯੂਨਿਟ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਖਿਆਲਾ ਪਿੰਡ ਵਿੱਚ ਸਮੱਗਲਰਾਂ ਨਾਲ ਹੋਈ ਮੁੱਠਭੇੜ ਵਿੱਚ ਐਸਟੀਐਫ ਦਾ ਸਿਪਾਹੀ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋ ਗਿਆ। ਐਸਟੀਐਫ ਨੇ ਕਰਨਬੀਰ ਸਿੰਘ ਨਾਮ ਦੇ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਕਿਲੋ ਹੈਰੋਇਨ ਤੇ ਇੱਕ ਲਾਇਸੈਂਸੀ ਰਿਵਾਲਵਰ ਬਰਾਮਦ ਕੀਤਾ। ਹਾਲਾਂਕਿ ਇਸ ਮੁੱਠਭੇੜ ਦੌਰਾਨ ਇੱਕ ਸਮੱਗਲਰ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਮੌਕੇ ਤੋਂ ਫਰਾਰ ਹੋ ਗਿਆ।
ਦੋਵੇਂ ਸਮੱਗਲਰ ਕੋਹਾਲੀ ਪਿੰਡ ਦੇ ਵਸਨੀਕ ਹਨ ਤੇ ਇਨ੍ਹਾਂ ਦੇ ਭਾਰਤ-ਪਾਕਿਸਤਾਨ ਦੇ ਬਦਨਾਮ ਸਮੱਗਲਰਾਂ ਨਾਲ ਸਬੰਧ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਆਈਜੀ ਆਰ ਕੇ ਜੈਸਵਾਲ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਐਸਟੀਐਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਸਮੱਗਲਰ ਅੰਮ੍ਰਿਤਸਰ ਤੋਂ ਲੋਪੋਕੇ ਵੱਲ ਜਾ ਰਹੇ ਹਨ ਤੇ ਇਨ੍ਹਾਂ ਦੇ ਕੋਲ ਹੈਰੋਇਨ ਹੋਣ ਦੀ ਸੰਭਾਵਨਾ ਹੈ ਤਾਂ ਪੁਲਿਸ ਨੇ ਜਦੋਂ ਇਨ੍ਹਾਂ ਨੂੰ ਰੋਕਿਆ।
ਇਸ ਦੌਰਾਨ ਕਰਨਬੀਰ ਸਿੰਘ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ। ਫਿਰ ਦੋਵਾਂ ਪਾਸਿਓਂ ਫਾਇਰਿੰਗ ਹੋਈ ਤੇ ਸਿਪਾਹੀ ਗੁਰਸੇਵਕ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਪੁਲਿਸ ਨੇ ਕਰਨਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਸਰਾ ਸਮੱਗਲਰ ਮੌਕੇ ਤੋਂ ਫਰਾਰ ਹੋ ਗਿਆ। ਸਿਪਾਹੀ ਗੁਰਸੇਵਕ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਮੁਤਾਬਕ ਕਰਨਬੀਰ ਸਿੰਘ ਨੇ ਆਪਣੇ ਲੱਕ ਦੇ ਨਾਲ ਇੱਕ ਕਿੱਲੋ ਹੈਰੋਇਨ ਬੰਨ੍ਹੀ ਹੋਈ ਸੀ ਤੇ ਜਿਸ ਰਿਵਾਲਵਰ ਨਾਲ ਉਸ ਨੇ ਪੁਲਿਸ ਪਾਰਟੀ ਉੱਪਰ ਗੋਲੀ ਚਲਾਈ, ਉਹ ਉਸ ਦੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਹੈ। ਪੁਲਿਸ ਨੇ ਕਰਨਬੀਰ ਤੇ ਸ਼ਮਸ਼ੇਰ ਦੇ ਖਿਲਾਫ ਦੋ ਮਾਮਲੇ ਦਰਜ ਕੀਤੇ ਹਨ। ਦੋਵਾਂ ਮਾਮਲਿਆਂ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।