ਅੰਮ੍ਰਿਤਸਰ: ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਅੱਜ ਤੋਂ ਦੇਸ਼ 'ਚ ਕੋਰੋਨਾ ਖਿਲਾਫ ਲੜਨ ਵਾਲੇ ਫਰੰਟ ਲਾਈਨ ਵਰਕਰਜ਼, ਹੈਲਥ ਵਰਕਰਜ਼ ਤੇ ਬਜੁਰਗਾਂ ਨੂੰ ਬੂਸਟਰ ਡੋਜ ਲਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਅੰਮ੍ਰਿਤਸਰ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।


ਅੰਮ੍ਰਿਤਸਰ ਦੇ ਵੱਖ-ਵੱਖ ਟੀਕਾਕਰਣ ਕੇਂਦਰਾਂ, ਜਿੱਥੇ ਕੋਰੋਨਾ ਦੀ ਵੈਕਸੀਨੇਸ਼ਨ ਪਹਿਲਾਂ ਤੋਂ ਜਾਰੀ ਸੀ, ਵਿਖੇ ਹੀ ਬੂਸਟਰ ਡੋਜ ਲਗਾਈ ਜਾ ਰਹੀ ਹੈ। ਇਸ 'ਚ ਜ਼ਿਆਦਾਤਰ ਹੈਲਥ ਵਰਕਰ ਹੀ ਪਹੁੰਚ ਰਹੇ ਹਨ ਤੇ ਬਜੁਰਗ ਘੱਟ ਗਿਣਤੀ 'ਚ ਬੂਸਟਰ ਡੋਜ਼ ਲਵਾ ਰਹੇ ਹਨ।


ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਸਬ ਡਵੀਜਨ ਪੱਧਰ 'ਤੇ ਬਣੇ ਸਿਵਲ ਹਸਪਤਾਲਾਂ ਤੇ ਵੱਡੀਆਂ ਡਿਸਪੈਂਸਰੀਆਂ 'ਚ ਬਣੇ ਟੀਕਾਕਰਨ ਕੇਂਦਰਾਂ 'ਤੇ ਬੂਸਟਰ ਡੋਜ ਲਗਾਈ ਜਾ ਰਹੀ ਹੈ। ਬੂਸਟਰ ਡੋਜ ਲਗਾਉਣ ਲਈ ਪੁੱਜੇ ਹੈਲਥ ਵਰਕਰਜ ਨੇ ਇਸ ਨੂੰ ਅਤਿ ਜ਼ਰੂਰੀ ਤੇ ਲਾਜਮੀ ਕਦਮ ਕਰਾਰ ਦਿੱਤਾ, ਕਿਉਂਕਿ ਇਸ ਨਾਲ ਕੋਰੋਨਾ ਖਿਲਾਫ ਲੜਨ ਦੀ ਸ਼ਕਤੀ ਨੂੰ ਹੋਰ ਬਲ ਮਿਲਦਾ ਹੈ ਤੇ ਸਾਰਿਆਂ ਨੂੰ ਆਪਣੀ ਵਾਰੀ ਮੁਤਾਬਕ ਬੂਸਟਰ ਡੋਜ ਲਾਉਣੀ ਚਾਹੀਦੀ ਹੈ।


ਅੰਮ੍ਰਿਤਸਰ ਜ਼ਿਲ੍ਹੇ 'ਚੋਂ ਮਿਲੀ ਜਾਣਕਾਰੀ ਮੁਤਾਬਕ 97 ਫੀਸਦੀ ਹੈਲਥ ਵਰਕਰਜ਼ ਵੈਕਸੀਨੇਸ਼ਨ ਦੀਆਂ ਦੋਵੇ ਡੋਜ ਲਵਾ ਚੁੱਕੇ ਹਨ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਸਿਵਲ ਹਸਪਤਾਲ ਦੇ ਟੀਕਾਕਰਣ ਕੇਂਦਰ ਦਾ ਦੌਰਾ ਕੀਤਾ ਤੇ ਕਿਹਾ ਕਿ ਸਾਡੇ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੂਸਟਰ ਡੋਜ ਲਾਉਣ ਲਈ ਵਾਧੂ ਟੀਮਾਂ ਦੀ ਤੈਨਾਤੀ ਕਰ ਦਿੱਤੀ ਹੈ ਤੇ ਸਾਰੇ ਟੀਕਾਕਰਣ ਕੇੰਦਰਾਂ 'ਤੇ ਬੂਸਟਰ ਡੋਜ ਲੱਗਣੀ ਸ਼ੁਰੂ ਹੋ ਗਈ ਹੈ।


ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦੀ ਟੈਸਟਿੰਗ ਤੇ ਵੈਕਸੀਨੇਸ਼ਨ ਕੇੰਦਰਾਂ 'ਤੇ ਦੁਬਾਰਾ ਭੀੜ ਵਧਣ ਲੱਗੀ ਹੈ। ਇਸ ਕਰਕੇ ਸਾਰਾ ਸਿਹਤ ਵਿਭਾਗ ਪਹਿਲਾਂ ਵਾਂਗ ਦਿਨ ਰਾਤ ਜੁਟਿਆ ਹੋਇਆ ਹੈ।



ਇਹ ਵੀ ਪੜ੍ਹੋ: Ind vs SA 3rd Test: ਤੀਜੇ ਟੈਸਟ 'ਚ ਬਦਲਾਅ ਨਾਲ ਉੱਤਰੇਗੀ ਟੀਮ ਇੰਡੀਆ, ਇਹ ਹੋਵੇਗੀ Playing 11


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904