ਮੋਗਾ : ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਅੱਜ ਕਾਂਗਰਸ ਵਿੱਚ ਸ਼ਾਮਲ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹਰੀਸ਼ ਚੌਧਰੀ ਮੋਗਾ ਜਾ ਕੇ ਮਾਲਵਿਕਾ ਸੂਦ ਸੱਚਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣਗੇ। ਇਸ ਦੌਰਾਨ ਸੋਨੂੰ ਸੂਦ ਵੀ ਮੌਜੂਦ ਰਹਿਣਗੇ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਹੋ ਸਕਦੀ ਹੈ। 

 

ਉਧਰ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟੀ ਜਾ ਸਕਦੀ ਹੈ। ਜੇਕਰ ਹਰਜੋਤ ਕਮਲ ਨੂੰ ਟਿਕਟ ਨਾ ਮਿਲੀ ਤਾਂ ਬਗਾਵਤ ਕਰ ਸਕਦੇ ਹਨ। ਸੋਨੂੰ ਸੂਦ ਦੇ ਰਾਜਨੀਤੀ ਵਿੱਚ ਸਰਗਰਮ ਹੋਣ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਸਨ। ਉਹ ਮੋਗਾ ਵਿੱਚ ਕਈ ਸਮਾਜ ਸੇਵੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸੀ। ਹਾਲਾਂਕਿ ਖੁਦ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੀ ਭੈਣ ਨੂੰ ਅੱਗੇ ਵਧਾਇਆ ਹੈ।


 

ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਪੰਜਾਬ ਦੇ ਸਟੇਟ ਆਈਕਨ ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ। ਸੋਨੂੰ ਸੂਦ ਨੂੰ ਇੱਕ ਸਾਲ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦਾ ਆਈਕਨ ਬਣਾਇਆ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਸੀ ਕਿ ਚੋਣ ਕਮਿਸ਼ਨ ਨੇ 4 ਜਨਵਰੀ ਨੂੰ ਪੰਜਾਬ ਦੇ ਸਟੇਟ ਆਈਕਨ ਵਜੋਂ ਸੂਦ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ।

 

ਪਿਛਲੇ ਸਾਲ ਨਵੰਬਰ 'ਚ ਸੋਨੂੰ ਸੂਦ ਨੇ ਆਪਣੀ ਭੈਣ ਦੇ ਰਾਜਨੀਤੀ 'ਚ ਆਉਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਦੀ ਆਪਣੇ ਲਈ ਅਜਿਹੀ ਕੋਈ ਯੋਜਨਾ ਨਹੀਂ ਸੀ। ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੋਨੂੰ ਸੂਦ ਪਿਛਲੇ ਸਾਲ ਕੋਵਿਡ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਰਾਸ਼ਟਰੀ ਸੁਰਖੀਆਂ ਵਿੱਚ ਆਏ ਸੀ। ਕੁਝ ਦਿਨ ਪਹਿਲਾਂ ਸੋਨੂੰ ਸੂਦ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਸਿਆਸਤ ਵਿੱਚ ਆ ਸਕਦੇ ਹਨ।

 


ਇਸ ਤੋਂ ਬਾਅਦ ਸੋਨੂੰ ਸੂਦ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਤੇ ਉਨ੍ਹਾਂ ਦਾ ਪਰਿਵਾਰ ਅਗਲੇ ਕੁਝ ਦਿਨਾਂ 'ਚ ਚੋਣ ਰਣਨੀਤੀ ਦੇ ਨਾਲ-ਨਾਲ ਪਾਰਟੀ ਦਾ ਐਲਾਨ ਕਰਨਗੇ। ਪਿਛਲੇ ਮਹੀਨੇ ਸੋਨੂੰ ਸੂਦ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਇੱਕ ਨਿੱਜੀ ਇੰਟਰਵਿਊ ਵਿੱਚ ਸੋਨੂੰ ਸੂਦ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਦੋ ਪਾਰਟੀਆਂ ਵੱਲੋਂ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ।