ਅੰਮ੍ਰਿਤਸਰ: ਬੀਤੇ ਦਿਨੀਂ ਪਾਕਿਸਤਾਨ ਤੋਂ ਨਮਕ ਦੇ ਟਰੱਕ ਵਿੱਚ ਲੁਕਾ ਕੇ ਭਾਰਤ ਭੇਜੀ ਗਈ 532 ਕਿੱਲੋ ਹੈਰੋਇਨ ਦੇ ਮਾਲਕ ਦਾ ਪਤਾ ਲੱਗ ਗਿਆ ਹੈ। ਇਹ ਨਸ਼ਾ ਅੰਮ੍ਰਿਤਸਰ ਦੇ ਕਸਬੇ ਰਾਮਤੀਰਥ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਉਰਫ ਚੀਤਾ ਕੋਲ ਪਹੁੰਚਾਇਆ ਜਾਣਾ ਸੀ। ਇਹ ਖੁਲਾਸਾ ਕਸਟਮ ਵਿਭਾਗ ਨੇ ਕੀਤਾ ਹੈ।

ਕਸਟਮ ਵਿਭਾਗ ਮੁਤਾਬਕ ਅਟਾਰੀ ਦੇ ਇੰਟੀਗ੍ਰੇਟਿਡ ਚੈੱਕਪੋਸਟ ਗੁਦਾਮ ਤੋਂ ਜਿਸ ਟਰੱਕ ਨੇ ਨਮਕ ਦੀ ਸਪਲਾਈ ਚੁੱਕਣੀ ਸੀ, ਉਸ ਨੂੰ ਜੋਧਪੁਰ ਕਸਟਮ ਵਿਭਾਗ ਨੇ ਦੀ ਮਦਦ ਨਾਲ ਲੱਭ ਲਿਆ ਗਿਆ ਹੈ। ਟਰੱਕ ਦੇ ਮਾਲਕ ਤੇ ਦੋ ਡਰਾਈਵਰਾਂ ਤੋਂ ਪਤਾ ਲੱਗਾ ਹੈ ਕਿ ਇਸ ਦੇ ਨਸ਼ੇ ਦੇ ਕਾਰੋਬਾਰ ਦਾ ਸਰਗਨਾ ਰਣਜੀਤ ਸਿੰਘ ਹੀ ਹੈ।

ਵਿਭਾਗ ਮੁਤਾਬਕ ਰਣਜੀਤ ਨੇ ਟਰੱਕ ਦੇ ਮਾਲਕ ਜਸਵੀਰ ਸਿੰਘ ਤੇ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਵੀ ਆਪਣੇ ਨਾਲ ਮਿਲਾਇਆ ਹੋਇਆ ਸੀ, ਉਹ ਰਲ ਕੇ ਨਸ਼ੇ ਦਾ ਕਾਰੋਬਾਰ ਕਰਦੇ ਸਨ। ਜਸਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਸੀ, ਜਿਸ ਵਿੱਚੋਂ ਉਹ ਬਰੀ ਹੋ ਗਿਆ ਸੀ। ਨਸ਼ੇ ਦੀ ਖੇਪ ਫੜੇ ਜਾਣ 'ਤੇ ਰਣਜੀਤ ਸਿੰਘ ਅੰਡਰਗ੍ਰਾਊਂਡ ਹੋ ਗਿਆ। ਹੁਣ ਕਸਟਮ ਵਿਭਾਗ ਤੇ ਪੰਜਾਬ ਪੁਲਿਸ ਰਣਜੀਤ ਸਿੰਘ ਦੀ ਤਲਾਸ਼ ਕਰ ਰਹੇ ਹਨ।

ਅੱਠ ਦਿਨ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਤੋਂ ਆਏ ਟਰੱਕ ਕਾਲੇ ਨਮਕ ਦੀਆਂ 600 ਬੋਰੀਆਂ ਅਟਾਰੀ ਸਥਿਤ ਆਈਸੀਪੀ ਵਿੱਚ ਉਤਾਰ ਗਏ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਲੂਣ ਦੀਆਂ ਬੋਰੀਆਂ ਵਿੱਚ 2700 ਕਰੋੜ ਦੀ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਹੋਰ ਨਸ਼ੇ ਲੁਕੋਏ ਹੋਏ ਹਨ। ਸਰਹੱਦ 'ਤੇ ਇਹ ਹੁਣ ਤਕ ਦੀ ਸਭ ਤੋਂ ਵੱਡੀ ਨਸ਼ੇ ਦੀ ਬਰਾਮਦਗੀ ਹੈ।