ਸ਼ਹੀਦ ਭਗਤ ਸਿੰਘ ਨਗਰ: ਜ਼ਿਲ੍ਹੇ ਦੇ ਪਿੰਡ ਘੁੰਮਣਾ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਸੋਢੀ ਰਾਮ (62) ਉਸ ਦੀ ਪਤਨੀ ਮਹਿੰਦਰ ਕੌਰ (58) ਤੇ ਪੁੱਤਰ ਪਰਿੰਸ (28) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਜਣੇ ਕੈਨੇਡਾ ਲਿਜਾਣ ਦੇ ਨਾਂ 'ਤੇ ਹੋਈ ਲੱਖਾਂ ਰੁਪਏ ਦੀ ਠੱਗੀ ਤੋਂ ਕਾਫੀ ਪ੍ਰੇਸ਼ਾਨ ਸਨ।

ਮ੍ਰਿਤਕ ਸੋਢੀ ਰਾਮ ਦੀ ਧੀ ਸੁਰੈਨਾ ਰਾਣੀ ਨੇ ਦੱਸਿਆ ਕਿ ਉਸ ਦੇ ਇਕਲੌਤੇ ਭਰਾ ਦਾ ਵਿਆਹ ਪਟਿਆਲਾ ਦੀ ਜੰਮਪਲ ਪਰ ਕੈਨੇਡਾ ਦੀ ਵਾਲੀ ਕਿਰਨਦੀਪ ਕੌਰ ਨਾਲ ਹੋਇਆ ਸੀ। ਦੋ ਮਹੀਨੇ ਪਹਿਲਾਂ ਹੋਏ ਵਿਆਹ ਮਗਰੋਂ ਕੈਨੇਡਾ ਲਿਜਾਣ ਦਾ ਇਹ ਵਾਅਦਾ ਵਫਾ ਨਾ ਹੋਇਆ। ਰਾਣੀ ਨੇ ਦੱਸਿਆ ਕਿ ਕਿਰਨਦੀਪ ਕੌਰ ਉਸ ਦੇ ਭਰਾ ਨੂੰ ਕੈਨੇਡਾ ਨਾ ਲੈ ਕੇ ਗਈ।

ਉਸ ਨੇ ਦੱਸਿਆ ਕਿ ਉਸ ਦੇ ਮਾਪਿਆਂ ਤੇ ਭਰਾ ਦੇ ਸਿਰ 'ਤੇ ਕਾਫੀ ਕਰਜ਼ ਸੀ, ਜਿਸ ਤੋਂ ਅੱਕ ਕੇ ਉਨ੍ਹਾਂ ਨੇ ਜ਼ਹਿਰਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉੱਧਰ, ਮੌਕੇ 'ਤੇ ਪਹੁੰਚੀ ਥਾਣਾ ਬਹਿਰਾਮ ਦੀ ਮੁਖੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਠੋਸ ਬਿਆਨ ਨਹੀਂ ਦਰਜ ਕਰਵਾਇਆ ਇਸ ਲਈ ਉਹ ਧਾਰਾ 174 ਤਹਿਤ ਕਾਰਵਾਈ ਕਰ ਰਹੇ ਹਨ।