ਅੰਮ੍ਰਿਤਸਰ: ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਬੰਦ ਦੇ ਐਲਾਨ ਵਿੱਚ ਅੰਮ੍ਰਿਤਸਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦਰਅਸਲ, ਅੱਜ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸ਼ਰਧਾਲੂਆਂ ਦੇ ਪੁੱਜਣ ਕਾਰਨ ਗੁਰੂ ਨਗਰੀ 'ਚ ਬੰਦ ਦਾ ਸੱਦਾ ਨਹੀਂ ਦਿੱਤਾ ਗਿਆ ਤਾਂ ਜੋ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।


ਹਾਲਾਂਕਿ, ਕਾਂਗਰਸ ਦੇ ਕੁਝ ਸਥਾਨਕ ਨੇਤਾਵਾਂ ਨੇ ਕੇਂਦਰ ਸਰਕਾਰ ਵਿਰੁੱਧ ਪ੍ਰਰਦਰਸ਼ਨ ਜ਼ਰੂਰ ਕੀਤਾ ਪਰ ਸ਼ਹਿਰ ਵਿੱਚ ਬੰਦ ਦਾ ਸੱਦਾ ਵਾਪਸ ਲੈ ਲਿਆ ਗਿਆ। ਕਾਂਗਰਸੀਆਂ ਨੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਪਰ ਕਿਸੇ ਨੇ ਬੰਦ ਦੇ ਵਿੱਚ ਹਿੱਸਾ ਨਹੀਂ ਲਿਆ। ਅੰਮ੍ਰਿਤਸਰ ਦੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਪੁੱਜੀਆਂ ਹੋਈਆਂ ਹਨ। ਕਾਂਗਰਸ ਪਾਰਟੀ ਨੇ ਬੀਤੇ ਕੱਲ੍ਹ ਹੀ ਇਸ ਬਾਰੇ ਫੈਸਲਾ ਲਿਆ ਸੀ।