ਘਰ 'ਚ ਦਾਖ਼ਲ ਹੋ ਕੇ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦਾ ਕਤਲ
ਏਬੀਪੀ ਸਾਂਝਾ | 10 Sep 2018 11:21 AM (IST)
ਬਠਿੰਡਾ: ਆਮ ਆਦਮੀ ਪਾਰਟੀ ਦੇ ਲੀਡਰ ਦਾ ਉਸ ਦੇ ਪਿੰਡ ਜੇਠੂਕੇ ਵਿੱਚ ਕਤਲ ਕੀਤੇ ਜਾਣ ਦੀ ਖ਼ਬਰ ਹੈ। ਵਾਰਦਾਤ ਬੀਤੀ ਦੇਰ ਨੂੰ ਵਾਪਰੀ। ਪੁਲਿਸ ਮੁਤਾਬਕ ਕਾਤਲਾਂ ਦੀ ਮ੍ਰਿਤਕ ਨਾਲ ਪਹਿਲਾਂ ਤੋਂ ਹੀ ਜਾਣ ਪਛਾਣ ਸੀ। ਹਰਵਿੰਦਰ ਸਿੰਘ ਉਰਫ਼ ਹਿੰਦਾ ਆਮ ਆਦਮੀ ਪਾਰਟੀ ਦਾ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਿੰਡ ਗਿੱਲ ਕਲਾਂ ਤੋਂ ਉਮੀਦਵਾਰ ਸੀ। ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸੀਆ ਕਿ ਬੀਤੀ ਰਾਤ ਹਿੰਦਾ ਨੂੰ ਤਿੰਨ ਜਣੇ ਮਿਲਣ ਲਈ ਆਏ ਸਨ ਤੇ ਅੱਜ ਸਵੇਰੇ ਉਸ ਦੀ ਮੌਤ ਦੀ ਖ਼ਬਰ ਮਿਲੀ। ਪੁਲਿਸ ਨੂੰ ਉਨ੍ਹਾਂ ਤਿੰਨਾਂ 'ਜਾਣਕਾਰਾਂ' 'ਤੇ ਹੀ ਸ਼ੱਕ ਹੈ। ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਉਨ੍ਹਾਂ ਨੂੰ ਨਹੀਂ ਜਾਣਦੀ ਸੀ ਪਰ 'ਆਪ' ਆਗੂ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਹਰਵਿੰਦਰ ਸਿੰਘ ਦਾ ਕਤਲ ਸਿਰ ਵਿੱਚ ਵਾਰ ਕਰ ਕੇ ਕੀਤਾ ਗਿਆ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।