ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਵਿੱਚ ਹੈਰੋਇਨ ਦੀ ਤਸਕਰੀ ਲਈ ਤਰ੍ਹਾਂ-ਤਰ੍ਹਾਂ ਦੇ ਤੌਰ ਤਰੀਕੇ ਅਪਣਾਏ ਜਾਂਦੇ ਹਨ। ਹਾਲੇ ਪਿਛਲੇ ਦਿਨੀਂ ਪਾਕਿਸਤਾਨੀ ਨਮਕ ਦੀਆਂ ਬੋਰੀਆਂ ਵਿੱਚੋਂ 532 ਕਿੱਲੋ ਹੈਰੋਇਨ ਆਉਣ ਦਾ ਮਾਮਲਾ ਸੁਰਖੀਆਂ ਵਿੱਚ ਹੀ ਹੈ ਪਰ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਤੋਂ ਆਈ ਹੈਰੋਇਨ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਕੀਤਾ ਹੈ। ਇਸ ਤਹਿਤ ਭਾਰਤ ਤੋਂ ਸਾਮਾਨ ਲੈ ਕੇ ਪਾਕਿਸਤਾਨ ਜਾਂਦੇ ਭਾਰਤੀ ਟਰੱਕਾਂ ਵਿੱਚ ਬੁਰੀ ਨਜ਼ਰ ਤੋਂ ਬਚਾਉਣ ਲਈ ਟੰਗੀਆਂ ਜੁੱਤੀਆਂ ਵਿੱਚ ਹੈਰੋਇਨ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਅੰਮ੍ਰਿਤਸਰ ਪੁਲਿਸ ਤੇ ਓਕੂ ਦੀ ਸਪੈਸ਼ਲ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪਾਕਿਸਤਾਨੀ ਨਸ਼ਾ ਤਸਕਰ ਜਾਵੇਦ ਦਾ ਨਾਂ ਵੀ ਸਾਹਮਣੇ ਆਇਆ ਹੈ, ਜਦਕਿ ਭਾਰਤ ਦੇ ਤਿੰਨ ਮੁਲਜ਼ਮ ਇਸ ਮਾਮਲੇ ਵਿੱਚ ਫਰਾਰ ਦੱਸੇ ਜਾ ਰਹੇ ਹਨ। ਅੰਮ੍ਰਿਤਸਰ ਪੁਲਿਸ ਦੇ ਡੀਸੀਪੀ (ਪੜਤਾਲੀਆ) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਟਾਰੀ ਬਾਰਡਰ ਰਾਹੀਂ ਭਾਰਤ ਤੋਂ ਪਾਕਿਸਤਾਨ ਵਿੱਚ ਸਾਮਾਨ ਲਿਜਾਣ ਲਈ ਟਰੱਕਾਂ ਉੱਪਰ ਬੁਰੀ ਨਜ਼ਰ ਤੋਂ ਬਚਾਉਣ ਲਈ ਟੰਗੀਆਂ ਜੁੱਤੀਆਂ ਦੀ ਆਮ ਤੌਰ 'ਤੇ ਜਾਂਚ ਨਹੀਂ ਕੀਤੀ ਜਾਂਦੀ। ਪਾਕਿਸਤਾਨ ਤੋਂ ਬੈਠ ਜਾਵੇਦ ਨਾਮ ਦੇ ਸਮੱਗਲਰ ਨੇ ਇਨ੍ਹਾਂ ਜੁੱਤੀਆਂ ਵਿੱਚ ਹੈਰੋਇਨ ਥੋੜ੍ਹੀ ਮਾਤਰਾ ਵਿੱਚ ਭਾਰਤ ਵਿੱਚ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।

ਇਸ ਸਾਰੇ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਅੰਮ੍ਰਿਤਸਰ ਪੁਲਿਸ ਨੇ ਸਾਡਾ ਨਜ਼ਦੀਕ ਨਾਕੇਬੰਦੀ ਦੌਰਾਨ ਜਤਿੰਦਰ ਸਿੰਘ ਅਤੇ ਪ੍ਰਭਜੀਤ ਨਾਮ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਦੋਵਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਇਨ੍ਹਾਂ ਜੁੱਤੀਆਂ ਵਿੱਚ ਲੁਕਾ ਕੇ ਹੈਰੋਇਨ ਮੰਗਵਾਉਂਦੇ ਸਨ। ਪੁਲਿਸ ਮੁਤਾਬਕ ਮੁਲਜ਼ਮ ਜਤਿੰਦਰ ਪਾਕਿਸਤਾਨ ਬੈਠੇ ਜਾਵੇਦ ਨਾਲ ਵ੍ਹੱਟਸਐਪ ਰਾਹੀਂ ਸੰਪਰਕ ਵਿੱਚ ਸੀ ਤੇ ਉਹ ਹਰ ਵਾਰ ਸਪਲਾਈ ਤੋਂ ਬਾਅਦ ਵ੍ਹੱਟਸਐਪ ਉੱਪਰ ਹੀ ਜਾਣਕਾਰੀ ਸਾਂਝੀ ਕਰਦਾ ਸੀ। ਜਾਵੇਦ ਦੇ ਕਹਿਣ 'ਤੇ ਹੀ ਸਤਿੰਦਰ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਵਾਉਂਦਾ ਸੀ। ਇਸ ਵਾਰ ਜਾਵੇਦ ਵੱਲੋਂ ਪਾਕਿਸਤਾਨ ਤੋਂ ਪੰਜਾਹ ਗ੍ਰਾਮ ਹੈਰੋਇਨ ਭੇਜੀ ਗਈ ਜਿਸ ਦੀ ਸਪਲਾਈ ਕਰਨ ਤੋਂ ਪਹਿਲਾਂ ਜਤਿੰਦਰ ਤੇ ਪ੍ਰਭਜੀਤ ਗ੍ਰਿਫ਼ਤਾਰ ਕਰ ਲਏ ਗਏ।

ਜਤਿੰਦਰ ਨੇ ਪੁਲਿਸ ਕੋਲ ਤਿੰਨ ਹੋਰ ਨਾਵਾਂ ਦਾ ਵੀ ਖੁਲਾਸਾ ਕੀਤਾ ਜਿਨ੍ਹਾਂ ਦੇ ਵਿੱਚ ਰਾਓ ਬਰਿੰਦਰ ਪਰਮਜੀਤ ਸਿੰਘ ਅਤੇ ਕਿੰਦਰਬੀਰ ਦਾ ਨਾਮ ਸਾਹਮਣੇ ਆਇਆ ਹੈ, ਜੋ ਦਸ ਰੁਪਏ ਦਾ ਨੋਟ ਦਿਖਾ ਕੇ ਕੋਡ ਨੰਬਰ ਜਿੰਦਰ ਨੂੰ ਦੱਸਦੇ ਸਨ ਤੇ ਇਸ ਦੀ ਪੁਸ਼ਟੀ ਆਉਣ ਤੋਂ ਬਾਅਦ ਹੀ ਜਾਵੇਦ ਦੇ ਦੱਸੇ ਮੁਤਾਬਕ ਜਤਿੰਦਰ ਇਨ੍ਹਾਂ ਨੂੰ ਹੈਰੋਇਨ ਦਿੰਦਾ ਸੀ। ਪੁਲਿਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਛੇਤੀ ਹੀ ਇਸ ਮਾਮਲੇ ਵਿੱਚ ਹੋਰ ਖੁਲਾਸੇ ਵੀ ਹੋਣਗੇ।