ਚੰਡੀਗੜ੍ਹ: ਖੇੜੀ ਗੰਡਿਆਂ ਤੋਂ ਲਾਪਤਾ ਦੋਵਾਂ ਬੱਚਿਆਂ ਦਾ 11 ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਿਸ ਦੀ ਨਾਕਾਮੀ ਕਰਕੇ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਉਧਰ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਤਿੰਨ ਆਈਪੀਐਸ ਅਧਿਕਾਰੀਆਂ ’ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ (ਸਿੱਟ) ਗਠਿਤ ਕਰ ਦਿੱਤੀ ਹੈ। ‘ਸਿੱਟ’ ਦੀ ਅਗਵਾਈ ਪਟਿਆਲਾ ਦੇ ਆਈਜੀ ਅਮਰਦੀਪ ਸਿੰਘ ਰਾਏ ਕਰਨਗੇ। ਇਸ ਤੋਂ ਇਲਾਵਾ ਬਰਿੰਦਰਪਾਲ ਸਿੰਘ ਤੇ ਸਰਬਜੀਤ ਸਿੰਘ ਸਿੱਟ ਦੇ ਮੈਂਬਰ ਹਨ।


ਦਰਅਸਲ ਬੱਚੇ ਚੁੱਕਣ ਦੀਆਂ ਅਫਵਾਹਾਂ ਕਰਕੇ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਲਈ ਪੁਲਿਸ 'ਤੇ ਲਗਾਤਾਰ ਦਬਾਅ ਬਣਦਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਘੁੰਮ ਰਹੇ ਹਨ ਜਿਨ੍ਹਾਂ ਵਿੱਚ ਬੱਚੇ ਚੁੱਕਣ ਦੇ ਗਰੋਹਾਂ ਬਾਰੇ ਖੁਲਾਸਾ ਕੀਤਾ ਗਿਆ ਹੈ। ਉਂਝ ਪੁਲਿਸ ਨੇ ਅਜੇ ਤੱਕ ਅਜਿਹੀ ਕਿਸੇ ਘਟਨਾ ਦੀ ਪੁਸ਼ਟੀ ਨਹੀਂ ਕੀਤੀ।

ਪੁਲਿਸ ਮੁਖੀ ਦੀਆਂ ਸਖ਼ਤ ਹਦਾਇਤਾਂ ਮਗਰੋਂ ਸਿੱਟ ਨੇ ਹੁਣ ਤੱਕ ਦੀ ਜਾਂਚ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ। ਇਸ ਦੇ ਪੁਲਿਸ ਫੋਰਸ ਨੂੰ ਕੁਝ ਨਵੇਂ ਦਿਸ਼ਾ-ਨਿਰਦੇਸ਼ ਵੀ ਦਿੱਤੇ। ਪੁਲਿਸ ਨੇ ਕੁਝ ਥਾਈਂ ਆਰਜ਼ੀ ਟੁਆਇਲਟ ਸਿਸਟਮ ਤਹਿਤ ਪੁੱਟੀਆਂ ਖੂਹੀਆਂ ਵੀ ਖੰਘਾਲਣ ਦਾ ਫੈਸਲਾ ਕੀਤਾ ਹੈ। ਇਸ ਕੰਮ ਲਈ ਸੀਵਰੇਜ ਸਿਸਟਮ ਨਾਲ ਜੁੜੇ ਮੁਲਾਜ਼ਮਾਂ ਦੀ ਮਦਦ ਲਈ ਜਾ ਰਹੀ ਹੈ।