ਚੰਡੀਗੜ੍ਹ: ਬੇਅਦਬੀ ਮਾਮਲਿਆਂ ਵਿੱਚ ਸੀਬੀਆਈ ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਤੋਂ ਬਾਅਦ ਸੂਬੇ ਦੀ ਸਿਆਸਤ ਲਗਾਤਾਰ ਭਖ਼ ਰਹੀ ਹੈ। 'ਆਪ' ਨੇ ਸੀਬੀਆਈ ਵੱਲੋਂ ਜਾਂਚ ਬੰਦ ਕਰਨ ਪਿੱਛੇ ਸਿੱਧੇ ਤੌਰ 'ਤੇ ਪੰਜਾਬ ਦੀ ਮੌਜੂਦਾ ਕਾਂਗਰਸ ਤੇ ਪਿਛਲੀ ਅਕਾਲੀ ਭਾਜਪਾ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

'ਆਪ' ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਚਾਰ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਅਸਲੀ ਦੋਸ਼ੀ ਨੰਗੇ ਹੋਣ ਅਤੇ ਫੜੇ ਜਾਣ।

ਸੰਧਵਾਂ ਨੇ ਕਿਹਾ ਕਿ ਪਹਿਲਾਂ ਸੀਬੀਆਈ ਨੂੰ ਜਾਂਚ ਸੌਂਪਣਾ, ਫਿਰ ਜਾਂਚ ਵਾਪਸ ਲੈਣਾ ਅਤੇ ਇਸੇ ਦੌਰਾਨ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ 'ਚ ਜਸਟਿਸ ਜੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨਾਂ ਸਮੇਤ ਪੰਜਾਬ ਪੁਲਿਸ ਦੀਆਂ ਤਿੰਨੇ ਜਾਂਚ ਟੀਮਾਂ (ਆਈਪੀਐਸ ਸਹੋਤਾ, ਆਰਐਸ ਖੱਟੜਾ ਅਤੇ ਐਸਾਆਈਟੀ/ਕੰਵਰ ਵਿਜੇ ਪ੍ਰਤਾਪ ਸਿੰਘ) ਵੱਲੋਂ ਕੀਤੀ ਜਾਂਚ ਅਤੇ ਦਿੱਤੇ ਤੱਥਾਂ-ਸਬੂਤਾਂ ਨੂੰ ਪਲਟ ਦਿੱਤਾ ਹੈ, ਜਿਸਦਾ ਸਿੱਧਾ ਲਾਭ ਦੋਸ਼ੀਆਂ ਨੂੰ ਮਿਲਣਾ ਸੁਭਾਵਿਕ ਹੈ।

'ਆਪ' ਵਿਧਾਇਕ ਨੇ ਮੰਗ ਕੀਤੀ ਕਿ ਜਿੰਨਾ ਸਮਾਂ ਬੇਅਦਬੀ ਮਾਮਲਿਆਂ ਦੀ ਜਾਂਚ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਆਪਣੀ ਰੋਜ਼ਨੁਮਾ ਤਿੱਖੀ ਨਿਗਰਾਨੀ ਹੇਠ ਨਾ ਕਰਵਾਏ, ਓਨਾ ਚਿਰ ਬੇਅਦਬੀ ਦੇ ਅਸਲੀ ਦੋਸ਼ੀ ਅਤੇ ਉਨ੍ਹਾਂ ਦੇ ਆਕਾ ਨੰਗੇ ਨਹੀਂ ਹੋ ਸਕਦੇ।