ਅੰਮ੍ਰਿਤਸਰ: ਪੁਲਿਸ ਨੇ ਸਿਵਲ ਲਾਈਨ ਖੇਤਰ ਵਿੱਚੋਂ ਬੀਤੇ ਦਿਨੀਂ ਹੋਈ ਲੁੱਟਖੋਹ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਾਰਦਾਤ ਨੂੰ ਸੁਲਝਾਉਣ ਲਈ ਪੁਲਿਸ ਨੂੰ ਮਹਾਰਾਸ਼ਟਰ ਤੱਕ ਪੜਤਾਲ ਕਰਨੀ ਪਈ। ਇਸ ਗਰੋਹ ਦੇ ਫੜੇ ਗਏ ਚਾਰ ਮੈਂਬਰਾਂ ਨੇ ਪੁਲਿਸ ਕੋਲ ਪੁੱਛਗਿਛ ਦੌਰਾਨ ਕਈ ਵਾਰਦਾਤਾਂ ਮੰਨੀਆਂ ਹਨ ਜਿਨ੍ਹਾਂ ਵਿੱਚ ਪੈਟਰੋਲ ਪੰਪ ਲੁੱਟਣ ਆਦਿ ਸ਼ਾਮਲ ਹਨ।


 

ਦਰਅਸਲ ਅੰਮ੍ਰਿਤਸਰ ਦੇ ਸਿਵਲ ਲਾਈਨ ਖੇਤਰ ਵਿੱਚੋਂ ਚਾਰ ਦਿਨ ਪਹਿਲਾਂ ਪਿਸਤੌਲ ਦੀ ਨੋਕ 'ਤੇ ਗੱਡੀ ਖੋਹੀ ਗਈ ਸੀ। ਪੁਲਿਸ ਨੇ ਇਸ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਨੇ ਅਕਾਸ਼ਦੀਪ, ਜੋਬਨਜੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਮੁਲਖਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵਾਰਦਾਤ ਦੌਰਾਨ ਖੋਹੀ ਗਈ ਕਾਰ ਤੇ ਹਥਿਆਰ ਬਰਾਮਦ ਕੀਤੇ ਹਨ।

ਸ਼੍ਰੀਵਾਸਤਵ ਮੁਤਾਬਕ ਵਾਰਦਾਤ ਤੋਂ ਬਾਅਦ ਪੁਲਿਸ ਨੇ ਕਈ ਟੀਮਾਂ ਬਣਾ ਕੇ ਵੱਖ ਵੱਖ ਜਗ੍ਹਾ 'ਤੇ ਛਾਪੇਮਾਰੀ ਕਰਨ ਲਈ ਭੇਜੀਆਂ। ਪੁਲਿਸ ਨੂੰ ਇਸ ਮਾਮਲੇ ਵਿੱਚ ਵੱਡਾ ਸੁਰਾਗ ਸੀਸੀਟੀਵੀ ਫੁਟੇਜ਼ ਖੰਗਾਲਣ ਤੋਂ ਮਿਲਿਆ। ਇਸ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਫੜ੍ਹਨ 'ਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਦੇ ਗੁਰਦੁਆਰੇ ਵਿੱਚ ਆਪਣਾ ਭੇਸ ਬਦਲ ਕੇ ਰਹਿੰਦੇ ਸਨ। ਵਾਰਦਾਤ ਕਰਨ ਤੋਂ ਬਾਅਦ ਉੱਥੇ ਹੀ ਵਾਪਸ ਪਰਤ ਜਾਂਦੇ ਸਨ। ਪੁਲਿਸ ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਮੁਲਜ਼ਮ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧ ਕਰਦੇ ਸਨ। ਇਨ੍ਹਾਂ ਨੇ ਕਾਰ ਲੁੱਟਣ ਤੋਂ ਪਹਿਲਾਂ ਮੋਟਰਸਾਈਕਲ ਚੋਰੀ ਕੀਤਾ। ਪੁਲਿਸ ਕਮਿਸ਼ਨਰ ਸੁਧਾਂਸ਼ੂ ਸ੍ਰੀਵਾਸਤਵ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਅੰਮ੍ਰਿਤਸਰ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਕਈ ਪੈਟਰੋਲ ਪੰਪ ਲੁੱਟੇ ਹਨ ਤੇ ਕਾਰਾਂ ਖੋਹੀਆਂ ਹਨ।