ਚੰਡੀਗੜ੍ਹ: ਸੰਗਰੂਰ ਦੇ ਸੁਨਾਮ ਦੀ 17 ਸਾਲਾ ਲੜਕੀ ਸਾਇਨਾ ਨੇ ਇੰਗਲੈਂਡ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਫੈਂਸਿੰਗ ਮੁਕਾਬਲੇ ’ਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ। 12ਵੀਂ ਜਮਾਤ ਦੀ ਵਿਦਿਆਰਥਣ ਸਾਇਨਾ ਹੁਣ ਤਕ ਕੁੱਲ 35 ਤਗਮੇ ਹਾਸਲ ਕਰ ਚੁੱਕੀ ਹੈ, ਜਿਨ੍ਹਾਂ ਵਿੱਚੋਂ 10 ਸੋਨੇ ਦੇ ਤਗਮੇ ਹਨ। ਇੰਗਲੈਂਡ ਦੇ ਨਿਊ ਕੈਸਲ ਵਿੱਚ ਹੋਏ ਮੁਕਾਬਲਿਆਂ ਵਿੱਚ ਕੁੱਲ 8 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ।


ਸਾਇਨਾ ਨੇ ਦੱਸਿਆ ਕਿ ਉਸ ਨੇ 6ਵੀਂ ਜਮਾਤ ਤੋਂ ਹੀ ਇਹ ਖੇਡ ਸ਼ੁਰੂ ਕਰ ਦਿੱਤੀ ਸੀ। 2012 ਵਿੱਚ ਉਸ ਨੇ ਇਸੇ ਖੇਡ ਵਿੱਚ ਮਿਨੀ ਨੈਸ਼ਨਲ ਖੇਡਿਆ ਜਿਸ ਵਿੱਚ ਉਸ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇੰਗਲੈਂਡ ਤੋਂ ਗੋਲਡ ਮੈਡਲ ਜਿੱਤ ਤੇ ਸੰਗਰੂਰ ਵਾਪਸ ਆਈ ਸਾਇਨਾ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ। ਇਸ ਪ੍ਰਾਪਤੀ ਲਈ ਉਸ ਨੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।

ਉਸ ਨੇ ਅਫਸੋਸ ਜਤਾਇਆ ਕਿ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਖਿਡਾਰੀਆਂ ਦੀ ਏਨੀ ਮਦਦ ਨਹੀਂ ਕੀਤੀ ਜਾਂਦੀ। ਉਸ ਨੇ ਕਿਹਾ ਕਿ ਜੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲੇ ਤਾਂ ਉਹ ਦੇਸ਼ ਦਾ ਨਾਂ ਹੋਰ ਰੌਸ਼ਨ ਕਰ ਸਕਦੇ ਹਨ।