ਅੰਮ੍ਰਿਤਸਰ: ਸਥਾਨਕ ਪੁਲਿਸ ਨੇ ਗੁਰਦੀਪ ਪਹਿਲਵਾਨ ਦੇ ਕਾਤਲ ਗੈਂਗਸਟਰ ਅੰਗਰੇਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਰਨ ਤਾਰਨ ਤੋਂ ਗੈਂਗਸਟਰ ਅੰਗਰੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਅੰਗਰੇਜ਼ ਸਿੰਘ ਦੀ ਪੁੱਛਗਿੱਛ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਦੱਸ ਦੇਈਏ ਅੰਗਰੇਜ਼ ਸਿੰਘ ਪੁਲਿਸ ਨੂੰ ਦੋ ਕਤਲਾਂ ਤੇ ਪੰਜ ਡਕੈਤੀਆਂ ਸਮੇਤ 15 ਵਾਰਦਾਤਾਂ ਵਿੱਚ ਲੋੜੀਂਦਾ ਸੀ। ਪਿਛਲੇ ਸਾਲ 2 ਜੂਨ ਨੂੰ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਤੇ 9 ਸਤੰਬਰ 2018 ਨੂੰ ਗੁਰੂ ਬਾਜ਼ਾਰ ਦੇ ਵਿੱਚ ਪ੍ਰੇਮ ਜਿਉਲਰਜ਼ ਦੇ ਵਿੱਚ ਹੋਈ ਡਕੈਤੀ ਤੋਂ ਬਾਅਦ ਅੰਗਰੇਜ਼ ਪੁਲਿਸ ਦੇ ਲਈ ਵੱਡੀ ਸਿਰਦਰਦੀ ਬਣ ਚੁੱਕਾ ਸੀ ਕਿਉਂਕਿ ਇਨ੍ਹਾਂ ਵੱਡੀਆਂ ਘਟਨਾਵਾਂ ਤੋਂ ਬਾਅਦ ਵੀ ਅੰਗਰੇਜ਼ ਵੱਲੋਂ ਸ਼ਹਿਰ ਵਿੱਚ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਅੰਗਰੇਜ ਸਿੰਘ 'ਤੇ ਅੰਮ੍ਰਿਤਸਰ ਦੇ ਵਾਰਡ ਨੰਬਰ 50 ਤੋਂ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਤੋ ਇਲਾਵਾ ਹੋਰ ਵੀ ਕਈ ਮਾਮਲੇ ਦਰਜ ਹਨ। ਗੈਂਗਸਟਰ ਅੰਗਰੇਜ ਸਿੰਘ ਜੱਗੂ ਭਗਵਾਨਪੂਰੀਆ ਗੈਂਗ ਨਾਲ ਸੰਬਧ ਰੱਖਦਾ ਹੈ। ਮੁਲਜ਼ਮ ਕੋਲੋਂ ਇੱਕ ਪਿਸਤੌਲ 45 ਬੋਰ ਤੇ 24 ਰੌਂਦ ਗੋਲ਼ੀਆ ਬਰਾਮਦ ਹੋਈਆਂ ਹਨ।
ਪੁਲਿਸ ਕਮਿਸ਼ਨਰ ਐਸ ਐਸ ਸ਼੍ਰੀਵਾਸਤਵ ਨੇ ਦੱਸਿਆ ਕਿ ਊਨਾ ਨੂੰ ਇਤਲਾਹ ਮਿਲੀ ਸੀ ਕਿ ਨਾਮੀ ਗੈਂਗਸਟਰ ਅੰਗਰੇਜ਼ ਸਿੰਘ ਤਰਨ ਤਾਰਨ ਦੀ ਵ੍ਰਿੰਦਾਵਨ ਕਲੋਨੀ ਵਿੱਚ ਲੁਕਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਕਾਫੀ ਜਦੋਜਹਿਦ ਨਾਲ ਇਸ ਖ਼ਤਰਨਾਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਸੋਨੂੰ ਕੰਗਲੇ ਦਾ ਸਾਥੀ ਅੰਗਰੇਜ਼ ਪੰਜਾਬ ਵਿੱਚ ਕਈ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ।