ਅੰਮ੍ਰਿਤਸਰ : ਬਿਆਸ ਵਿਖੇ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਦੋਵਾਂ ਧਿਰਾਂ 'ਤੇ ਕਰਾਸ ਪਰਚਾ ਦਰਜ ਕਰਨ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸੰਬੰਧੀ ਢੁਕਵੀਂ ਜਾਣਕਾਰੀ ਹਾਸਲ ਕਰ ਲਈ ਹੈ ਤੇ ਕੁਝ ਆਡੀਓ/ਵੀਡੀਓਜ਼ ਦੀ ਜਾਂਚ ਕਰਕੇ ਮੁਲਜਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅੇੈਸਅੇੈਸਪੀ ਸਵਪਨ ਸ਼ਰਮਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਕੱਲ ਹੋਏ ਵਿਵਾਦ 'ਤੇ ਪੁਲਿਸ ਕਰਾਸ ਪਰਚਾ ਦਰਜ ਕਰਨ ਜਾ ਰਹੀ ਹੈ ਤੇ ਇਹ ਮਾਮਲਾ ਕਿਹੜੀਆਂ ਧਾਰਾਵਾਂ ਤਹਿਤ ਦਰਜ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਵੀ ਛੇਤੀ ਹੀ ਪੁਲਿਸ ਵੱਲੋਂ ਦੇ ਦਿੱਤੀ ਜਾਵੇਗੀ।
ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਮੁਲਜਮਾਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਮੁਲਜ਼ਮ ਜਿੰਮੇਵਾਰ ਹੋਏ, ਉਹ ਨਾਮਜਦ ਕੀਤੇ ਜਾਣਗੇ। ਇਸ ਤੋਂ ਇਲਾਵਾ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਵੀ ਪੁਲਿਸ ਵੱਲੋਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਐਤਵਾਰ ਨੂੰ ਕਸਬਾ ਬਿਆਸ ਨਜਦੀਕ ਕੁਝ ਨਿਹੰਗ ਸਿੰਘਾਂ ਤੇ ਡੇਰਾ ਰਾਧਾ ਸਵਾਮੀ ਦੇ ਪੈਰੋਕਾਰਾਂ ਦੇ ਸੇਵਾਦਾਰਾਂ ਵਿਚਾਲੇ ਜਗਾ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਦੋਵੇ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਸਨ। ਪੁਲਿਸ ਨੇ ਭਾਰੀ ਫੋਰਸ ਨਾਲ ਦੋਵਾਂ ਧਿਰਾਂ ਨੂੰ ਖਦੇੜਿਆ। ਪੁਲਿਸ ਨੂੰ ਦੋਵਾਂ ਧਿਰਾਂ 'ਤੇ ਲਾਠੀਚਾਰਜ ਵੀ ਕੀਤਾ ਤੇ ਜਗਾ ਖਾਲੀ ਕਰਵਾਈ।
ਦਰਅਸਲ ਨਿਹੰਗ ਦੁਪਹਿਰ ਬਾਅਦ ਗਾਵਾਂ ਲੈ ਕੇ ਧਾਰਮਿਕ ਡੇਰੇ ਦੀ ਕਥਿਤ ਜਮੀਨ 'ਤੇ ਚਲੇ ਗਏ, ਜਿਸ ਤੋਂ ਬਾਅਦ ਡੇਰੇ ਦੇ ਸੇਵਾਦਾਰਾਂ ਨੇ ਉਨਾਂ ਨੂੰ ਹਟਣ ਲਈ ਕਿਹਾ ਤਾਂ ਦੋਵੇ ਧਿਰਾਂ 'ਚ ਟਕਰਾ ਹੋ ਗਿਆ। ਇਸ ਦੌਰਾਨ ਦੋਵੇ ਧਿਰਾਂ 'ਚ ਇੱਟਾਂ ਪੱਥਰ ਚੱਲੇ, ਦੋਵੇ ਧਿਰਾਂ ਵੱਡੀ ਗਿਣਤੀ 'ਚ ਆਪਣੇ ਆਪਣੇ ਸਮਰਥਕ ਲੈ ਕੇ ਪੁੱਜੀਆਂ ਤੇ ਪੁਲਿਸ ਨੇ ਪਹਿਲਾਂ ਦੋਵਾਂ ਧਿਰਾਂ ਨੂੰ ਖਦੇੜਿਆ ਤੇ ਫਿਰ ਲਾਠੀਚਾਰਜ ਕਰਕੇ ਦੋਵਾਂ ਧਿਰਾਂ ਨੂੰ ਹਟਾਇਆ।
ਅੇੈਸਅੇੈਸਪੀ ਸਵਪਨ ਸ਼ਰਮਾ ਮੁਤਾਬਕ ਟਕਰਾ ਦੀ ਸੂਚਨਾ ਮਿਲਣ ‘ਤੇ ਭਾਰੀ ਫੋਰਸ ਤੈਨਾਤ ਕਰ ਦਿੱਤੀ ਗਈ ਸੀ ਤੇ ਦੋਵਾਂ ਧਿਰਾਂ ਨੂੰ ਹਟਾ ਦਿੱਤਾ ਗਿਆ। ਹੁਣ ਸਥਿਤੀ ਕਾਬੂ ਹੇਠ ਹੈ। ਕੁਝ ਜਖਮੀ ਵੀ ਹਨ ਤੇ ਪੁਲਿਸ ਨੇ ਹੁਣ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਬਿਆਨਾਂ ਮੁਤਾਬਕ ਕਾਰਵਾਈ ਹੋਵੇਗੀ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਝੜਪ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ। ਪ੍ਰਸ਼ਾਸਨ ਮੁਤਾਬਕ ਡੇਰੇ ਦੇ ਪੈਰੋਕਾਰਾਂ ਨੂੰ ਡੇਰੇ ਵਿੱਚ ਭੇਜ ਦਿੱਤਾ ਹੈ ਅਤੇ ਨਿਹੰਗ ਸਿੰਘਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ। ਫਿਲਹਾਲ ਮਾਹੌਲ ਸ਼ਾਂਤਮਈ ਬਣਿਆ ਹੋਇਆ ਹੈ।