ਚੰਡੀਗੜ੍ਹ: ਇੱਕ ਹੋਰ ਅਧਿਆਪਕ ਦਿਵਸ ਆ ਗਿਆ ਹੈ, ਪਰ ਫਿਰ ਵੀ ਸੂਬੇ ਦੇ ਅਧਿਆਪਕ ਮੁਲਾਜ਼ਮਾਂ ਦਾ ਸਭ ਤੋਂ ਅਣਗੌਲੇ ਵਰਗ ਜਾਪਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ 13,000 ਤੋਂ ਵੱਧ ਅਧਿਆਪਕ ਸਿਰਫ਼ 6,000 ਤੋਂ 11,000 ਰੁਪਏ ਮਾਸਿਕ ਤਨਖਾਹ 'ਤੇ ਕੰਮ ਕਰਦੇ ਹਨ।
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਇਕੱਠੇ ਕੀਤੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੂਬੇ 'ਚ 13,200 ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੂੰ 6,000 ਤੋਂ 11,000 ਰੁਪਏ ਦੇ ਵਿਚਕਾਰ ਤਨਖਾਹ ਮਿਲ ਰਹੀ ਹੈ। ਇਹ ਅਧਿਆਪਕ ਮੁੱਖ ਤੌਰ 'ਤੇ ਵਾਲੰਟੀਅਰ ਸ਼੍ਰੇਣੀ ਵਿੱਚ ਰੱਖੇ ਗਏ ਹਨ, ਪਰ ਪੂਰਾ ਸਮਾਂ ਕੰਮ ਕਰਦੇ ਹਨ। ਅਲਟਰਨੇਟਿਵ ਇਨੋਵੇਟਿਵ ਐਜੂਕੇਸ਼ਨ (ਏਆਈਈ) ਅਤੇ ਐਜੂਕੇਸ਼ਨ ਗਾਰੰਟੀ ਸਕੀਮ (ਈਜੀਐਸ) ਦੇ ਤਹਿਤ ਕੰਮ ਕਰਨ ਵਾਲੇ ਅਤੇ ਵਿਸ਼ੇਸ਼ ਟ੍ਰੇਨਰ ਵਜੋਂ 6,000 ਰੁਪਏ, ਸਧਾਰਨ ਗ੍ਰੈਜੂਏਟ ਸਿੱਖਿਆ ਪ੍ਰਦਾਤਾ ਨੂੰ 8,200 ਰੁਪਏ, ਜਦੋਂ ਕਿ ਬੀ.ਏ.-ਬੀ.ਐੱਡ ਨੂੰ 9,200 ਰੁਪਏ ਅਤੇ ਐਮ.ਏ.-ਬੀ.ਐੱਡ. 11,000 ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਹ ਸਾਰੇ ਅਧਿਆਪਕ ਠੇਕੇ 'ਤੇ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਪਿਛਲੇ 10-15 ਸਾਲਾਂ ਤੋਂ ਇਸੇ ਤਨਖਾਹ 'ਤੇ ਕੰਮ ਕਰ ਰਹੇ ਹਨ।
ਇਸ ਨੂੰ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਦੱਸਦਿਆਂ ਅਧਿਆਪਕ ਯੂਨੀਅਨਾਂ ਨੇ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ ਅਤੇ ਕਿਹਾ ਹੈ ਕਿ ਕੰਮਕਾਜੀ ਹਾਲਾਤਾਂ ਵਿੱਚ ਸੁਧਾਰ ਕੀਤੇ ਬਿਨਾਂ ਅਧਿਆਪਕ ਦਿਵਸ ਮਨਾਉਣ ਦਾ ਕੋਈ ਮਜ਼ਾ ਨਹੀਂ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ 13,200 ਅਧਿਆਪਕਾਂ ਨੇ ਅਕਾਲੀ-ਭਾਜਪਾ ਦੇ 10 ਸਾਲ ਅਤੇ ਕਾਂਗਰਸ ਦੇ ਪੰਜ ਸਾਲ ਵੇਖੇ ਹਨ, ਪਰ ਹਰੇਕ ਪਾਰਟੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਕਿਸਮਤ ਉਹੀ ਰਹੀ ਹੈ। ਹੁਣ ਇਨ੍ਹਾਂ ਵਿੱਚੋਂ ਬਹੁਤੇ ਅਧਿਆਪਕਾਂ ਦੀ ਉਮਰ 40 ਤੋਂ 45 ਸਾਲ ਹੋ ਚੁੱਕੀ ਹੈ। 'ਆਪ' ਦਾ ਛੇ ਮਹੀਨਿਆਂ ਦਾ ਸ਼ਾਸਨ ਵੀ ਉਨ੍ਹਾਂ ਲਈ ਕੋਈ ਰਾਹਤ ਲਿਆਉਣ 'ਚ ਅਸਫਲ ਰਿਹਾ ਹੈ।
ਸਕੂਲੀ ਸਿੱਖਿਆ ਦੀ ਨੀਂਹ ਰੱਖਣ ਵਾਲੀ ਪ੍ਰਾਇਮਰੀ ਸਿੱਖਿਆ ਦੀ ਸਥਿਤੀ ਇਸ ਲਈ ਬਦਤਰ ਹੁੰਦੀ ਜਾਪਦੀ ਹੈ ਕਿਉਂਕਿ ਅਧਿਆਪਕਾਂ ਦੀਆਂ ਲਗਭਗ 14,000 ਅਸਾਮੀਆਂ ਖਾਲੀ ਪਈਆਂ ਹਨ। ਠੇਕੇ ’ਤੇ ਰੱਖੇ ਪ੍ਰਾਇਮਰੀ ਅਧਿਆਪਕਾਂ ਵਿੱਚੋਂ ਜ਼ਿਆਦਾਤਰ ਖਾਲੀ ਅਸਾਮੀਆਂ ’ਤੇ ਪੂਰਾ ਸਮਾਂ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਪਿਛਲੀ ਸਰਕਾਰ ਨੇ 8300 ਪ੍ਰੀ-ਪ੍ਰਾਇਮਰੀ ਅਧਿਆਪਕ ਭਰਤੀ ਕਰਨ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਇੱਕ ਵੀ ਅਸਾਮੀ ਨਹੀਂ ਭਰੀ ਗਈ। ਇਸ ਤੋਂ ਇਲਾਵਾ ਸੂਬੇ ਵਿੱਚ ਸਕੂਲ ਮੁਖੀ ਦੀਆਂ 550 ਦੇ ਕਰੀਬ ਅਸਾਮੀਆਂ ਵੀ ਖਾਲੀ ਪਈਆਂ ਹਨ।
ਇਸੇ ਤਰ੍ਹਾਂ ਕਈ ਹੋਰ ਵਰਗਾਂ ਨਾਲ ਸਬੰਧਤ ਅਧਿਆਪਕਾਂ ਦੀ ਹਾਲਤ ਵੀ ਬਹੁਤੀ ਬਿਹਤਰ ਨਹੀਂ ਹੈ। 7000 ਕੰਪਿਊਟਰ ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਜਾ ਰਿਹਾ, ਸਗੋਂ ਇੱਕ ਸੁਸਾਇਟੀ ਬਣਾ ਕੇ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਹੋਰ ਸਰਕਾਰੀ ਅਧਿਆਪਕਾਂ ਦੇ ਮੁਕਾਬਲੇ ਘੱਟ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੇਵਾ-ਮੁਕਤੀ ਤੋਂ ਬਾਅਦ ਦਾ ਕੋਈ ਲਾਭ ਲੈਣ ਦੇ ਵੀ ਯੋਗ ਨਹੀਂ ਹਨ।