ਅੰਮ੍ਰਿਤਸਰ: ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਬਣੀ ਮਾਲ ਰੋਡ ਦਾ ਬੁਰਾ ਹਾਲ ਹੈ। ਇਹ ਸਤੰਬਰ ਵਿੱਚ ਹੋਈ ਭਾਰੀ ਬਾਰਸ਼ ਕਾਰਨ ਧਸ ਗਈ ਸੀ। ਤਿੰਨ ਮਹੀਨੇ ਪੂਰੇ ਬੀਤਣ ਦੇ ਬਾਵਜੂਦ ਮੁੜ ਸ਼ੁਰੂ ਨਹੀਂ ਹੋ ਸਕੀ। ਉਲਟਾ ਜੋ ਹਾਲਾਤ ਦਿਖਾਈ ਦੇ ਰਹੇ ਹਨ, ਉਸ ਮੁਤਾਬਕ ਅਜਿਹਾ ਬਿਲਕੁਲ ਨਹੀਂ ਲੱਗਦਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸੜਕ ਸ਼ੁਰੂ ਹੋ ਪਾਵੇਗੀ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀ ਇਸ ਲਈ ਪੰਜਾਬ ਸਰਕਾਰ ਤੇ ਨਗਰ ਨਿਗਮ ਅੰਮ੍ਰਿਤਸਰ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ।
ਦੂਜੇ ਪਾਸੇ ਸੜਕ ਨਾ ਬਣਨ ਕਾਰਨ ਇੱਕ ਛੋਟੀ ਲਿੰਕ ਰੋਡ 'ਤੇ ਆਵਾਜਾਈ ਡੀਵਰਟ ਕਰਨ ਨਾਲ ਵੱਡੇ-ਵੱਡੇ ਜਾਮ ਲੱਗ ਜਾਂਦੇ ਹਨ। ਦਿਲਚਸਪ ਹੈ ਕਿ ਅੰਮ੍ਰਿਤਸਰ ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਗਿਰੀ ਦਾ ਘਰ ਇਸ ਸੜਕ 'ਤੇ ਪਏ ਟੋਏ ਦੇ ਬਿਲਕੁਲ ਨੇੜੇ ਸਥਿਤ ਹੈ। ਸ਼ਾਇਦ ਉਨ੍ਹਾਂ ਦੀ ਨਜ਼ਰ ਵੀ ਇਸ 'ਤੇ ਨਹੀਂ ਪੈ ਰਹੀ।
ਨਗਰ ਨਿਗਮ ਦੀ ਕਮਿਸ਼ਨਰ ਸੁਨਾਲੀ ਗਿਰੀ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਸੜਕ ਦਾ ਕੰਮ ਚੱਲ ਰਿਹਾ ਹੈ। ਛੇਤੀ ਹੀ ਸੜਕ ਬਣ ਕੇ ਤਿਆਰ ਹੋ ਜਾਵੇਗੀ ਪਰ ਇਸ ਨੂੰ ਬਣਦਿਆਂ ਪੱਕੇ ਤੌਰ 'ਤੇ ਹਾਲੇ ਫਰਵਰੀ ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪਏਗਾ। ਮਿੱਟੀ ਪਾ ਕੇ ਆਰਜ਼ੀ ਤੌਰ 'ਤੇ ਇਹ ਸੜਕ 15-20 ਦਿਨ ਤੱਕ ਆਵਾਜਾਈ ਲਈ ਤਿਆਰ ਹੋ ਜਾਵੇਗੀ। ਸੋਨਾਲੀ ਗਿਰੀ ਨੇ ਇਹ ਵੀ ਦੱਸਿਆ ਕਿ ਇਸ ਦੀ ਰਿਪੋਰਟ ਉਨ੍ਹਾਂ ਕੋਲ ਆ ਚੁੱਕੀ ਹੈ। ਇਸ ਸਬੰਧੀ ਕਾਰਵਾਈ ਲਈ ਕਾਨੂੰਨੀ ਸਲਾਹ ਲਈ ਜਾ ਰਹੀ ਹੈ। ਇਸ ਤੋਂ ਬਾਅਦ ਜ਼ਰੂਰਤ ਮੁਤਾਬਕ ਕਾਰਵਾਈ ਕੀਤੀ ਜਾਵੇਗੀ।