ਰਵੀ ਇੰਦਰ ਸਿੰਘ

ਚੰਡੀਗੜ੍ਹ: ਜਿੱਥੇ ਸਰਕਾਰਾਂ ਸੇਵਾਮੁਕਤੀ ਤੋਂ ਬਾਅਦ ਆਪਣੇ ਮੁਲਾਜ਼ਮਾਂ ਨੂੰ ਘੱਟ ਤੋਂ ਘੱਟ ਵਿੱਤੀ ਫਾਇਦੇ ਦੇਣ ਦੀ ਇੱਛਾ ਰੱਖਦੀਆਂ ਹਨ, ਉੱਥੇ ਹੀ ਮੰਤਰੀਆਂ ਤੇ ਵਿਧਾਇਕਾਂ ਦੀਆਂ ਜੇਬਾਂ ਵੱਧ ਤੋਂ ਵੱਧ ਭਰਨ ਵਿੱਚ ਯਕੀਨ ਰੱਖਦੀਆਂ ਹਨ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਮਿਲੀ ਹੈ ਕਿ ਵਿਧਾਇਕਾਂ ਦੀ ਪੈਨਸ਼ਨ ਵਿੱਚ ਹਰ ਵਾਰ ਵੱਡਾ ਵਾਧਾ ਹੁੰਦਾ ਹੈ। ਇੱਕ ਵਾਰ ਵਿਧਾਇਕ ਬਣਨ ਤੋਂ ਬਾਅਦ ਸਿਆਸਤਦਾਨ ਤਾ-ਉਮਰ ਪੈਨਸ਼ਨ ਹਾਸਲ ਕਰ ਸਕਦਾ ਹੈ ਤੇ ਕਾਨੂੰਨ ਮੁਤਾਬਕ ਹਰ ਵਾਰ ਵਿਧਾਇਕ ਚੁਣੇ ਜਾਣ 'ਤੇ ਉਸ ਦੀ ਪੈਨਸ਼ਨ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ। ਇਹ ਸੁਵਿਧਾ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਵੀ ਨਹੀਂ ਮਿਲਦੀ ਜੋ 25-30 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਪੈਨਸ਼ਨ ਲੈਣ ਦੇ ਯੋਗ ਹੁੰਦੇ ਹਨ।

ਲੁਧਿਆਣਾ ਦੇ ਆਰਟੀਆਈ ਕਾਰਕੁਨ ਰੋਹਿਤ ਸੱਭਰਵਾਲ ਨੂੰ ਆਪਣੇ ਸਵਾਲਾਂ ਦੇ ਮਿਲੇ ਜਵਾਬ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਕੁੱਲ 282 ਸਾਬਕਾ ਵਿਧਾਇਕ ਹਨ ਜੋ ਮਹੀਨਾਵਾਰ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਰਟੀਆਈ ਵਿੱਚ ਲਿਖਿਆ ਗਿਆ ਹੈ ਕਿ 26 ਅਕਤੂਬਰ 2016 ਦੇ ਨੋਟੀਫ਼ਿਕੇਸ਼ਨ ਮੁਤਾਬਕ ਵਿਧਾਇਕ 15,000 ਰੁਪਏ ਮਹੀਨਾਵਾਰ ਮੂਲ ਪੈਨਸ਼ਨ ਲੈਣ ਦੇ ਹੱਕਦਾਰ ਹਨ ਤੇ ਜਿੰਨੀ ਵਾਰ ਉਹ ਵਿਧਾਇਕ ਚੁਣੇ ਜਾਣਗੇ, ਓਨੀ ਵਾਰ ਉਨ੍ਹਾਂ ਦੀ ਇਹ ਬੇਸਿਕ ਹਰ ਵਾਰ 10,000 ਰੁਪਏ ਵਧਦੀ ਰਹੇਗੀ। ਯਾਦ ਰਹੇ ਕਿ ਇਸ ਤਨਖ਼ਾਹ ਵਿੱਚ ਕਿਸੇ ਵੀ ਕਿਸਮ ਦਾ ਭੱਤਾ ਸ਼ਾਮਲ ਨਹੀਂ।

ਸਾਬਕਾ ਵਿਧਾਇਕ ਲੈਂਦੇ ਨੇ ਇੰਨੀ ਪੈਨਸ਼ਨ-

  • ਪਹਿਲੀ ਵਾਰ ਐਮਐਲਏ ਬਣਨ 'ਤੇ ਮਿਲਣਗੇ = 15,000 ਰੁਪਏ

  • ਅੱਗੇ ਹਰ ਵਾਰ ਵਿਧਾਇਕ ਚੁਣੇ ਜਾਣ 'ਤੇ ਮਿਲਦੇ ਹਨ = 10,000 ਰੁਪਏ

  • 50% ਮਿਸ਼ਰਤ ਰੋਜ਼ਾਨਾ ਭੱਤਾ (ਡੀਏ) = 7,500

  • ਉਕਤ ਪੈਨਸ਼ਨ 'ਤੇ 234% ਡੀਏ = 35,100


ਇਸ ਫਾਰਮੂਲੇ ਦੇ ਹਿਸਾਬ ਨਾਲ ਸਾਬਕਾ ਵਿਧਾਇਕ ਹਰ ਮਹੀਨੇ ਘੱਟੋ-ਘੱਟ 57,600 ਰੁਪਏ ਇੰਨੀ ਤਨਖ਼ਾਹ ਲੈਂਦੇ ਹਨ। ਘੱਟੋ-ਘੱਟ ਦੋ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਐਮਐਲਏ ਸਾਬ ਵੀ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚੋਂ 67,600 ਰੁਪਏ ਦੀ ਪੈਨਸ਼ਨ ਪ੍ਰਾਪਤ ਕਰਦੇ ਹਨ। ਦੋ ਤੋਂ ਵੱਧ ਵਾਰ ਵਿਧਾਇਕ ਰਹੇ ਵਿਅਕਤੀ ਨੂੰ ਪੰਜਾਬ ਸਰਕਾਰ ਹਰ ਵਾਰ ਦੇ 10,000 ਰੁਪਏ ਹਰ ਮਹੀਨੇ ਪੈਨਸ਼ਨ ਵਿੱਚ ਜੋੜ ਕੇ ਦੇਵੇਗੀ। ਯਾਨੀ ਕਿ ਚਾਰ ਵਾਰ ਵਿਧਾਇਕ ਰਹਿ ਚੁੱਕੇ ਵਿਅਕਤੀ ਦੀ ਮਹੀਨਾਵਾਰ ਪੈਨਸ਼ਨ ਇੱਕ ਵਾਰ ਐਮਐਲਏ ਸੁਖ ਭੋਗਣ ਵਾਲੇ ਤੋਂ 40,000 ਰੁਪਏ ਵੱਧ ਹੋਵੇਗੀ।

ਕੁਝ ਸਮਾਂ ਪਹਿਲਾਂ ਆਈ ਮੀਡੀਆ ਰਿਪੋਰਟ ਮੁਤਾਬਕ ਸਾਬਕਾ ਵਿਧਾਇਕਾ ਰਾਜਿੰਦਰ ਕੌਰ ਭੱਠਲ, ਸਾਬਕਾ ਐਮਐਲਏ ਲਾਲ ਸਿੰਘ ਅਤੇ ਸਾਬਕਾ ਮੰਤਰੀ ਸਵਰਨ ਸਿੰਘ ਫਿਲੌਰ ਸਵਾ ਤਿੰਨ-ਤਿੰਨ ਲੱਖ ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਨੂੰ ਕ੍ਰਮਵਾਰ 2.25 ਲੱਖ ਤੇ 2.75 ਲੱਖ ਰੁਪਏ ਦੀ ਪੈਨਸ਼ਨ ਲੈ ਰਹੇ ਹਨ, ਜਦਕਿ ਬਤੌਰ ਰਾਜ ਸਭਾ ਮੈਂਬਰ ਉਨ੍ਹਾਂ ਦੀ ਤਨਖ਼ਾਹ ਵੱਖਰੀ ਆਉਂਦੀ ਹੈ। ਇੰਨਾ ਹੀ ਨਹੀਂ ਪੰਜਾਬ ਵਿੱਚ ਤਕਰੀਬਨ ਨੌਂ ਵਿਧਾਇਕ ਅਜਿਹੇ ਹਨ ਸਾਬਕਾ ਲੋਕ ਸਭਾ, ਸਾਬਕਾ ਰਾਜ ਸਭਾ ਅਤੇ ਸਾਬਕਾ ਵਿਧਾਨ ਸਭਾ ਮੈਂਬਰ ਹੋਣ 'ਤੇ ਇਕੱਠੀ ਪੈਨਸ਼ਨ ਲੈਂਦੇ ਹਨ। ਇੰਨੀ ਪੈਨਸ਼ਨ ਕਿਸੇ ਤਾਜ਼ਾ ਬਣੇ ਥਾਣੇਦਾਰ, ਪਟਵਾਰੀ ਜਾਂ ਅਧਿਆਪਕ ਦੀ ਤਨਖ਼ਾਹ ਨਾਲੋਂ ਕਿਤੇ ਜ਼ਿਆਦਾ ਹੈ ਤੇ ਨਾ ਹੀ ਸਾਬਕਾ ਵਿਧਾਇਕਾਂ ਨੂੰ ਸਰਕਾਰੀ ਕਰਮਚਾਰੀਆਂ ਵਾਂਗ ਪਰਖ ਕਾਲ ਦੌਰਾਨ ਘੱਟ ਮਿਹਨਤਾਨੇ ਪ੍ਰਾਪਤ ਕਰਨ ਦੀ ਲੋੜ ਪੈਂਦੀ ਹੈ।