ਨਵੀਂ ਦਿੱਲੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਥਾਂ 'ਤੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਫ਼ਤਹਿਗੜ੍ਹ ਸਾਹਿਬ ਵਿੱਚ 10 ਜਨਵਰੀ ਨੂੰ ਸੱਦੀ ਬੈਠਕ ਰੱਦ ਕਰ ਦਿੱਤੀ ਹੈ। ਮੰਡ ਨੇ ਇਹ ਫੈਸਲਾ ਹਵਾਰਾ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਲਿਆ ਹੈ।
ਇਹ ਵੀ ਪੜ੍ਹੋ: ਹਵਾਰਾ ਨੇ ਪੰਥਕ ਸੰਘਰਸ਼ ਦੀ ਜ਼ਿੰਮੇਵਾਰੀ ਖੁਦ ਸੰਭਾਲੀ
ਦਰਅਸਲ, ਪਿਛਲੀ 9 ਦਸੰਬਰ ਨੂੰ ਮੰਡ ਨੇ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਨ ਦੇ ਫੈਸਲੇ ਦੀ ਚੁਫੇਰਿਓਂ ਹੋਈ ਨੁਕਤਾਚੀਨੀ ਮਗਰੋਂ 20 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਇਕੱਤਰਤਾ ਸੱਦੀ ਸੀ ਪਰ ਫਿਰ ਉਨ੍ਹਾਂ ਇਸ ਬੈਠਕ ਨੂੰ 10 ਜਨਵਰੀ 2019 'ਤੇ ਪਾ ਦਿੱਤਾ ਗਿਆ ਸੀ। ਮੰਡ ਦੇ ਸਹਾਇਕ ਜਗਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਹਵਾਰਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਬੈਠਕ ਨੂੰ ਰੱਦ ਕਰਨ ਦਾ ਮਨ ਬਣਾ ਲਿਆ ਹੈ। ਉੱਧਰ, ਮੋਰਚੇ ਨੂੰ ਖ਼ਤਮ ਕੀਤੇ ਜਾਣ ਤੋਂ ਖ਼ਫ਼ਾ ਹੋਏ ਕੁਝ ਪੰਥਕ ਲੀਡਰਾਂ ਨੇ ਵੀ ਮੀਟਿੰਗਾਂ ਕੀਤੀਆਂ ਹਨ ਤੇ ਮੋਰਚੇ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਆਉਂਦੀ ਅੱਠ ਜਨਵਰੀ ਨੂੰ ਮੋਗਾ ਜ਼ਿਲ੍ਹੇ ਵਿੱਚ ਵੀ ਬੈਠਕ ਸੱਦੀ ਹੈ।
ਸਬੰਧਤ ਖ਼ਬਰ: ਬਰਗਾੜੀ ਮੋਰਚਾ ਨੂੰ ਲੈ ਕੇ ਪੰਥਕ ਲੀਡਰ ਦੋਫਾੜ
ਜ਼ਿਕਰਯੋਗ ਹੈ ਕਿ ਬਰਗਾਰੜੀ ਮੋਰਚਾ ਸਮਾਪਤ ਕਰਨ ਕਾਰਨ ਦੋ ਮੁਤਵਾਜ਼ੀ ਜਥੇਦਾਰਾਂ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਨੇ ਇਲਜ਼ਾਮ ਲਾਏ ਸੀ ਕਿ ਭਾਈ ਧਿਆਨ ਸਿੰਘ ਮੰਡ ਨੇ ਮਨਮਾਨੇ ਢੰਗ ਨਾਲ ਮੋਰਚਾ ਸਮਾਪਤ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਹਵਾਰਾ ਨੇ ਵੀ ਕਿਹਾ ਹੈ ਕਿ ਨੇ ਜਥੇਦਾਰ ਮੰਡ ਨੇ ਮੋਰਚੇ ਨੂੰ ਸਮਾਪਤ ਕਰਨ ਦੀ ਆਪਹੁਦਰੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ਬਰਗਾੜੀ ਮੋਰਚਾ ਖਤਮ, ਸੰਘਰਸ਼ ਜਾਰੀ ਰਹੇਗਾ
ਹਵਾਰਾ ਨੇ ਜੇਲ੍ਹ ਅੰਦਰੋਂ ਜਾਰੀ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਜਲਦ ਹੀ ਕੌਮ ਦੀ 5 ਸਿੰਘਾਂ ’ਤੇ ਆਧਾਰਤ ਕਮੇਟੀ ਬਣਾਉਣਗੇ। ਕੋਈ ਨਵਾਂ ਸੰਘਰਸ਼ ਵਿੱਢਣ, ਰੂਪ-ਰੇਖਾ ਤੈਅ ਕਰਨ ਤੇ ਹਰੇਕ ਪੜਾਅ ’ਤੇ ਇਸ ਕਮੇਟੀ ਦੀ ਸਹਿਮਤੀ ਲਾਜ਼ਮੀ ਹੋਵੇਗੀ। ਇਸ ਤੋਂ ਸਾਫ਼ ਹੈ ਕਿ ਹਵਾਰਾ ਦੇ ਦਖ਼ਲ ਤੋਂ ਬਾਅਦ ਪੰਥਕ ਧਿਰਾਂ 'ਚ ਮੁੜ ਤੋਂ ਏਕਾ ਕਾਇਮ ਹੁੰਦਾ ਜਾਪ ਰਿਹਾ ਹੈ।