ਚੰਡੀਗੜ੍ਹ: ਇਸ ਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਨੇ ਕਈ ਸਿਆਸੀ ਪੁਆੜੇ ਪਾਏ ਹੋਏ ਹਨ। ਇਸ ਸੀਟ ਕਰਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬ ਡੈਮੋਕ੍ਰੇਟਿਕ (ਪੀਡੀਏ) ਅਲਾਇੰਸ ਤੋਂ ਵੱਖ ਹੋਇਆ। ਹੁਣ ਆਮ ਆਦਮੀ ਪਾਰਟੀ ਤੇ ਟਕਸਾਲੀਆਂ ਵਿਚਾਲੇ ਗੱਠਜੋੜ ਵਿੱਚ ਵੀ ਇਹੀ ਸੀਟ ਅੜਿੱਕਾ ਬਣ ਰਹੀ ਹੈ।

ਦਿਲਚਸਪ ਗੱਲ਼ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਸਪਾ ਨਾਲ ਵੀ ਗੱਠਜੋੜ ਦੀ ਗੱਲ ਚੱਲ ਰਹੀ ਹੈ। ਦੂਜੇ ਪਾਸੇ ਬਸਪਾ ਵੀ ਇਸੇ ਸੀਟ ਤੋਂ ਆਪਣਾ ਹੱਕ ਜਤਾ ਰਿਹਾ ਹੈ ਜਿਸ ਕਰਕੇ ਟਕਸਾਲੀਆਂ ਤੇ ਪੀਡੀਏ ਵਿਚਾਲੇ ਤਰੇੜ ਆਈ। ਇਸ ਲਈ ਸ਼੍ਰੀ ਆਨੰਦਪੁਰ ਸਾਹਿਬ 'ਤੇ ਇੱਕ ਆਨਾਰ ਸੌ ਬਿਮਾਰ ਵਾਲੀ ਹਾਲਤ ਬਣੀ ਹੋਈ ਹੈ।

ਹੈਰਾਨੀ ਦੀ ਗੱਲ ਹੈ ਕਿ ‘ਆਪ’ ਖੁਦ ਸ਼੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਬੀਰਦਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਇਸ ਵੇਲੇ ਪੀਡੀਏ ਵਿੱਚ ਸ਼ਾਮਲ ਬਸਪਾ ਦੇ ਹਿੱਸੇ ਵੀ ਇਹੀ ਸੀਟ ਆਈ ਹੈ।

ਇਸ ਸੀਟ ਕਰਕੇ ਹੀ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਬਸਪਾ ਨਾਲ ਗੱਠਜੋੜ ਵਿੱਚ ਅੜਿੱਕਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਖੁਦ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਵਾਪਸ ਲੈਣ ਦੀ ਸਥਿਤੀ ਵਿੱਚ ਨਹੀਂ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਖਰੜ ਹਲਕੇ ਦੀ ਬਜਾਏ ਮੁਹਾਲੀ ਤੋਂ ਚੋਣ ਲੜਾਈ ਗਈ ਸੀ। ਦੂਸਰੇ ਪਾਸੇ ਟਕਸਾਲੀ ਦਲ ਆਨੰਦਪੁਰ ਸਾਹਿਬ ਨੂੰ ਪੰਥਕ ਹਲਕਾ ਮੰਨ ਕੇ ਇੱਥੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਲਈ ਬਜ਼ਿੱਦ ਹੈ।

ਇਹ ਵੀ ਚਰਚਾ ਹੈ ਕਿ ਹਲਕਾ ਆਨੰਦਪੁਰ ਸਾਹਿਬ 'ਤੇ ਕੋਈ ਗੱਠਜੋੜ ਨਾ ਹੋਏ। ਇੱਥੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਲੜਨ। ਉਧਰ, ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਆਨੰਦਪੁਰ ਸਾਹਿਬ ਨੂੰ ਛੱਡ ਕੇ ਬਾਕੀ ਸੀਟਾਂ ’ਤੇ ਕੋਈ ਸਮੱਸਿਆ ਨਹੀਂ। ਉਨ੍ਹਾਂ ਕਿਹਾ ਕਿ ਸੰਪੂਰਨ ਸਮਝੌਤਾ ਤਾਂ ਹੀ ਹੈ ਜੇ ਆਨੰਦਪੁਰ ਤੋਂ ਵੀ ਇੱਕੋ ਧਿਰ ਹੀ ਚੋਣ ਲੜੇ।

ਇਸ ਦੇ ਨਾਲ ਹੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ‘ਆਪ’ ਦੀ ਬਸਪਾ ਲੀਡਰਸ਼ਿਪ ਨਾਲ ਮੁੜ ਗੱਲ ਚੱਲ ਰਹੀ ਹੈ। ਉਨ੍ਹਾਂ ਨਾਲ ਚੋਣ ਸਮਝੌਤਾ ਹੋਣ ਦੇ ਆਸਾਰ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਬਸਪਾ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਕ-ਦੋ ਦਿਨਾਂ ਵਿੱਚ ਗੱਲ ਕਿਸੇ ਪਾਸੇ ਲੱਗ ਜਾਵੇਗੀ। ਉਂਝ ਬਸਪਾ ਵੀ ਇਸ ਸੀਟ ਨੂੰ ਛੱਢਣ ਲਈ ਤਿਆਰ ਨਹੀਂ।