ਬਠਿੰਡਾ: ਆਂਗਣਵਾੜੀ ਵਰਕਰਾਂ ਨੇ ਐਲਾਨ ਕੀਤਾ ਹੈ ਕਿ ਉਹ 28 ਮਈ ਨੂੰ ਹੋਣ ਵਾਲੀ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਸਰਕਾਰ ਵਿਰੁੱਧ ਘਰ-ਘਰ ਜਾ ਕੇ ਸਰਕਾਰ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨਗੀਆਂ। ਅੱਜ ਸਵੇਰੇ ਆਂਗਣਵਾੜੀ ਵਰਕਰਾਂ ਨੇ ਸਰਕਾਰ ਵਿਰੁੱਧ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ।   ਵੱਡੀ ਗਿਣਤੀ ਆਂਗਣਵਾੜੀ ਮੁਲਾਜ਼ਮ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨੇ 'ਤੇ ਬੈਠ ਗਈਆਂ ਹਨ। ਆਂਗਣਵਾੜੀ ਮੁਲਾਜ਼ਮਾਂ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੁਲਿਸ 'ਤੇ ਗ੍ਰਿਫਤਾਰ ਕੀਤੀਆਂ ਵਰਕਰਾਂ ਨਾਲ ਕੁੱਟਮਾਰ ਕਰਨ ਤੇ ਬਦਸਲੂਕੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਬਠਿੰਡਾ ਪੁਲਿਸ ਨੇ ਵਰਕਰਾਂ ਦੇ ਸੱਟਾਂ ਵੀ ਮਾਰੀਆਂ ਹਨ ਤੇ ਦੇਰ ਸ਼ਾਮ ਪੁਲੀਸ ਨੇ ਆਂਗਣਵਾੜੀ ਵਰਕਰਾਂ ਦੇ ਉੱਪਰ ਕੇਸ ਵੀ ਦਰਜ ਕੀਤਾ ਹੈ। ਆਂਗਨਵਾੜੀ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ  ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਖ਼ਿਲਾਫ਼ ਬੀਤੀ ਕੱਲ੍ਹ ਦਰਜ ਕੀਤੇ ਕੇਸ ਵਾਪਸ ਨਾ ਲਏ ਤਾਂ ਉਹ ਪੂਰਾ ਬਠਿੰਡਾ ਜਾਮ ਕਰ ਦੇਣਗੀਆਂ। ਇਸ ਦੇ ਵਿਰੋਧ ਵਿੱਚ ਉਨ੍ਹਾਂ ਅੱਜ ਧਰਨਾ ਦਿੱਤਾ ਤੇ ਸਰਕਾਰ ਵਿਰੁੱਧ ਆਪਣੇ ਸ਼ਾਹਕੋਟ ਜ਼ਿਮਨੀ ਚੋਣ ਦਾ ਐਕਸ਼ਨ ਪਲਾਨ ਵੀ ਦੱਸਿਆ। ਬੁੱਧਵਾਰ ਨੂੰ ਵਿੱਤ ਮੰਤਰੀ ਦੇ ਸਮਾਗਮ ਨੂੰ ਰੁਕਵਾਉਣ ਆਈਆਂ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਹ ਮੁਲਾਜ਼ਮ ਵਿੱਤ ਮੰਤਰੀ ਦੇ ਸਮਾਗਮ ਵਿੱਚ ਧੱਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਪੁਲਿਸ ਨਾਲ ਆਂਗਣਵਾੜੀ ਵਰਕਰਾਂ ਦੀ ਝੜਪ ਵੀ ਹੋਈ ਸੀ ਤੇ ਲੰਮੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਆਂਗਣਵਾੜੀ ਵਰਕਰਾਂ 'ਤੇ ਕਾਬੂ ਪਾਇਆ ਸੀ।