ਚੰਡੀਗੜ੍ਹ: ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਤੋਂ ਬਾਅਦ ਸੂਬੇ ਦੀ ਕੈਪਟਨ ਸਰਕਾਰ ਹਰਕਤ ਵਿੱਚ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਰੀ ਘਟਨਾ ਦੀ ਰਿਪੋਰਟ ਮੰਗੀ ਹੈ। ਅਗਲੇ 24 ਘੰਟਿਆਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿੱਚ ਮੌਜੂਦ ਸਾਰੇ ਖੁੱਲ੍ਹੇ ਬੋਰਵੈੱਲ ਬੰਦ ਕਰਵਾ ਕੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਬੋਰਵੈੱਲ ਖੁੱਲ੍ਹਾ ਹੋਣ ਦੀ ਸਥਿਤੀ ਵਿੱਚ ਸਰਕਾਰ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੀਐਮ ਨੇ ਬਚਾਅ ਕਾਰਜਾਂ ਬਾਰੇ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਾਰੇ ਵੀ ਸਫ਼ਾਈ ਦਿੱਤੀ ਹੈ। ਉਨ੍ਹਾਂ ਫ਼ਤਹਿਵੀਰ ਦੀ ਮੌਤ 'ਤੇ ਗਹਿਰਾ ਦੁੱਖ਼ ਜਤਾਇਆ ਹੈ ਤੇ ਪਰਿਵਾਰ ਲਈ ਬਲ ਦੀ ਕਾਮਨਾ ਕੀਤੀ ਹੈ।

ਜਾਰੀ ਬਿਆਨ ਮੁਾਤਬਕ ਕੈਪਟਨ ਨੇ ਕਿਹਾ ਕਿ ਉਹ ਲਗਾਤਾਰ ਐਨਡੀਆਰਐਫ ਦੇ ਅਫਸਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਅਨੁਸਾਰ ਬੱਚੇ ਨੂੰ ਕੱਢਣ ਦੀ ਪ੍ਰਕਿਰਿਆ ਦੌਰਾਨ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਸਰੀਰਕ ਨੁਕਸਾਨ ਨਹੀਂ ਪੁੱਜਾ, ਕਿਉਂਕਿ ਸਾਰੀ ਪ੍ਰਕਿਰਿਆ ਹੱਥਾਂ ਨਾਲ ਮੈਨੂਅਲੀ ਕੀਤੀ ਗਈ ਸੀ। ਜੇ ਤਕਨੀਕ ਦੀ ਵਰਤੋਂ ਕਰਦੇ ਤਾਂ ਇਸ ਨਾਲ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਸੀ ਕਿਉਂਕਿ ਅਜਿਹੇ ਬਚਾਅ ਕਾਰਜ ਵਿੱਚ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੁਸ਼ਕਲ ਆਪਰੇਸ਼ਨ ਲਈ ਫੌਜ ਕੋਲ ਵੀ ਸਹੂਲਤਾਂ ਤੇ ਸਾਜ਼ੋ-ਸਾਮਾਨ ਉਪਲੱਬਧ ਨਹੀਂ ਸਨ। ਇਸ ਲਈ NDRF ਹੀ ਸਭ ਤੋਂ ਵਧੀਆ ਵਿਕਲਪ ਸੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਫ਼ਤ ਪ੍ਰਬੰਧਣ ਗਰੁੱਪ ਨੂੰ ਖੁੱਲ੍ਹੇ ਬੋਰਵੈੱਲ ਦੀ ਚੈਕਿੰਗ ਕਰਨ ਤੇ ਭਵਿੱਖ ਵਿੱਚ ਅਜਿਹੀ ਘਟਨਾ ਤੋਂ ਬਚਾਅ ਲਈ SOPs (ਸਟੈਂਡਰਡ ਪ੍ਰੋਸੀਜ਼ਰ ਪ੍ਰੋਸੀਜ਼ਰਸ) ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸਾਰੇ ਘਟਨੀ ਦੀ ਜਾਂਚ ਲਈ ਕਿਹਾ ਹੈ। ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਗਠਿਤ ਕੀਤੇ ਗਏ ਸਮੂਹ ਨੂੰ ਵੀ ਰਾਹਤ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ, ਜੇ ਕੋਈ ਹੈ, ਤੇ ਭਵਿੱਖ ਵਿੱਚ ਬਿਹਤਰ ਤੇ ਤੇਜ਼ ਬਚਾਅ ਕਾਰਜ ਯਕੀਨੀ ਬਣਾਉਣ ਲਈ ਸਿਫਾਰਸ਼ਾਂ ਕਰਨ ਲਈ ਕਿਹਾ ਗਿਆ ਹੈ।