ਗਊ ਰੱਖਿਆ ਦੇ ਨਾਂ 'ਤੇ ਗੁੰਡਾਗਰਦੀ ਨੇ ਕੀਤੀ ਗਊਆਂ ਦੀ ਬੇਕਦਰੀ
ਏਬੀਪੀ ਸਾਂਝਾ | 23 Jul 2018 02:49 PM (IST)
ਚੰਡੀਗੜ੍ਹ: ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਹੈ ਕਿ ਗਊ ਰੱਖਿਆ ਦੇ ਨਾਂ 'ਤੇ ਗੁੰਡਾਗਰਦੀ ਕਰਨ ਵਾਲਿਆਂ ਕਰਕੇ ਪੰਜਾਬ 'ਚ ਗਊਆਂ ਦੀ ਬੇਕਦਰੀ ਹੋਈ ਹੈ। ਇਸ ਕਰਕੇ ਗਊਆਂ ਸਸਤੀਆਂ ਹੋ ਗਈਆਂ ਹਨ। ਡੇਢ-ਡੇਢ ਲੱਖ ਦੀਆਂ ਗਊਆਂ 40-40 ਹਜ਼ਾਰ ਵਿੱਚ ਵਿਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਿਖਣਗੇ ਕਿ ਕੇਂਦਰ ਸਰਕਾਰ ਇਨ੍ਹਾਂ ਖਿਲਾਫ ਸਖ਼ਤ ਕਾਨੂੰਨ ਬਣਾਏ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਸ਼ੂਆਂ ਦੀ ਨਸਲ ਸੁਧਾਰਨ ਲਈ ਬਾਜ਼ਾਰ ਵਿੱਚ ਆ ਰਿਹਾ ਮਾੜਾ ਸੀਮਨ ਬੈਨ ਹੋਏਗਾ। ਪ੍ਰਾਈਵੇਟ ਕੰਪਨੀਆਂ ਦੀ ਥਾਂ ਸਿਰਫ਼ ਸਰਕਾਰ ਹੀ ਸੀਮਨ ਵੇਚੇਗੀ। ਨਸਲ ਸੁਧਾਰਨ ਲਈ ਸਖ਼ਤ ਕਦਮ ਚੁੱਕੇ ਜਾਣਗੇ। ਮੰਤਰੀ ਨੇ ਕਿਹਾ ਕਿ ਕੁੱਤਿਆਂ ਤੇ ਘੋੜਿਆਂ ਦੀਆਂ ਰੇਸਾਂ ਲਈ ਕੇਂਦਰ ਸਰਕਾਰ ਨੂੰ ਲਿਖਿਆ ਜਾਏਗਾ। ਸਿੱਧੂ ਨੇ ਕਿਹਾ ਕਿ ਪਸ਼ੂਆਂ ਦੀ ਗ਼ਲਤ ਫੀਡ ਵੇਚਣ ਵਾਲਿਆਂ 'ਤੇ ਕਾਰਵਾਈ ਹੋਵੇਗੀ। ਸਰਕਾਰ ਦੇ ਨਿਰਦੇਸ਼ 'ਤੇ ਹੀ ਪਸ਼ੂ ਫੀਡ ਤਿਆਰ ਕਰਕੇ ਵੇਚੀ ਜਾ ਸਕੇਗੀ।