ਇਸ ਮਾਮਲੇ 'ਤੇ ਸਿਆਸਤ ਵੀ ਗਰਮਾ ਗਈ ਹੈ। ਦਿੱਲੀ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਵੀ ਔਰਤ ਨਾਲ ਛੇੜਛਾੜ ਦੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ, ਪਰ ਕੇਜਰੀਵਾਲ ਹੀ ਚੁੱਪ ਹਨ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਐਮਐਲਏ ਕੋਟਕਪੂਰਾ ਤੇ ਅਮਰਜੀਤ ਸਿੰਘ ਸੰਦੋਆ ਐਮਐਲਏ ਰੂਪਨਗਰ ਆਪਣੇ ਨਿੱਜੀ ਦੌਰੇ ‘ਤੇ ਓਟਾਵਾ ਹਵਾਈ ਅੱਡੇ ‘ਤੇ ਪੁੱਜੇ ਸਨ। ਦੋਵਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਦਾ ਸਹੀ ਜਵਾਬ ਨਾ ਦੇਣ 'ਤੇ ਦੋਵਾਂ ਨੂੰ ਦੇਸ਼ ਅੰਦਰ ਦਾਖ਼ਲ ਨਾ ਹੋਣ ਦਿੱਤਾ ਗਿਆ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇੱਕ ਵਿਧਾਇਕ ਦੀ ਭੈਣ ਓਟਾਵਾ ਵਿੱਚ ਰਹਿੰਦੀ ਹੈ ਤੇ ਦੋਵੇਂ ਉਸ ਕੋਲ ਆਏ ਸਨ, ਪਰ ਕੈਨੇਡਾ ਵਿੱਚ ਦਾਖ਼ਲਾ ਨਾ ਮਿਲਣ ਕਰਕੇ ਵਾਪਸ ਜਾਣਾ ਪਿਆ। ਭਾਵੇਂ ਕਿ ਉਨ੍ਹਾਂ ਦੀ ਭੈਣ ਨੇ ਬਰੈਂਪਟਨ ਤੋਂ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਤੇ ਮਿਸੀਸਾਗਾ ਦੇ ਇੱਕ ਐਮਪੀ ਕੋਲ ਵੀ ਮਦਦ ਦੀ ਗੁਹਾਰ ਲਗਾਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋਇਆ।
ਸੰਦੋਆ ਵਿਰੁੱਧ ਅਕਤੂਬਰ 2016 ਵਿੱਚ ਰੂਪਨਗਰ ਸਥਿਤ ਆਪਣਾ ਘਰ ਕਿਰਾਏ 'ਤੇ ਦੇਣ ਵਾਲੀ ਤਰਮਿੰਦਰ ਕੌਰ ਨੇ ਪਿਛਲੇ ਸਾਲ ਜੁਲਾਈ ਵਿੱਚ ਸ਼ਿਕਾਇਤ ਦਿੱਤੀ ਸੀ। ਰੂਪਨਗਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਹੀ ਸੰਦੋਆ 'ਤੇ ਔਰਤ ਨਾਲ ਧੱਕਾਮੁੱਕੀ ਕਰਨ ਤੇ ਅਪਰਾਧਿਕ ਮਨਸ਼ਾ ਰੱਖਣ ਦੀਆਂ ਧਾਰਾਵਾਂ ਲਗਾਈਆਂ ਸਨ। ਫਿਲਹਾਲ ਇਸ ਮਾਮਲੇ ਵਿੱਚ ਅੰਤਮ ਬਹਿਸ ਹੋਣੀ ਹੈ। ਇਸ ਤੋਂ ਇਲਾਵਾ 'ਮਾਈਨਿੰਗ ਰੱਫੜ' ਵਿੱਚ ਹੋਈ ਹੱਥੋਪਾਈ ਕਾਰਨ ਵੀ ਸੰਦੋਆ ਚਰਚਾ ਵਿੱਚ ਰਹੇ ਹਨ।