Tourism Summit and Travel Mart: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਟੂਰਿਜ਼ਮ ਸਮਿਟ ਦੇ ਰੂਪ ਵਿੱਚ ਧਾਰਮਿਕ ਤੇ ਸਰਹੱਦੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਡੇਢ ਲੱਖ ਤੋਂ ਵੱਧ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਹਨ। ਇਨ੍ਹਾਂ ਵਿੱਚੋਂ 25-30 ਹਜ਼ਾਰ ਲੋਕ ਵਾਹਗਾ ਬਾਰਡਰ 'ਤੇ ਸਮਾਗਮ ਦੇਖਣ ਜਾਂਦੇ ਹਨ।


 






ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਨਿਵੇਸ਼ਕਾਂ ਲਈ ਸੂਬੇ ਵਿੱਚ ਅਨੁਕੂਲ ਮਾਹੌਲ ਸਿਰਜ ਰਹੇ ਹਨ। ਸਾਡੀ ਹਵਾ ਵਿੱਚ ਦੇਸ਼ ਭਗਤੀ ਹੈ ਤੇ ਸਾਡੇ ਕੋਲ ਕੁਦਰਤ ਦੀ ਕੋਈ ਕਮੀ ਨਹੀਂ। ਅਸੀਂ ਈਕੋ ਟੂਰਿਜ਼ਮ, ਐਡਵੈਂਚਰ ਟੂਰਿਜ਼ਮ ਤੇ ਵਾਟਰ ਟੂਰਿਜ਼ਮ ਲਈ ਸਾਰੇ ਦਰਵਾਜ਼ੇ ਖੋਲ੍ਹ ਰਹੇ ਹਾਂ।


 







ਦੱਸ ਦਈਏ ਕਿ ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਪਹੁੰਚੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਸੀਐਮ ਭਗਵੰਤ ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਪੰਜਾਬ ਲਈ ਕੰਮ ਕਰ ਰਹੇ ਹੋ, ਮੈਨੂੰ ਤੁਹਾਡੇ ‘ਤੇ ਬਹੁਤ ਮਾਣ ਹੈ। 


ਉਨ੍ਹਾਂ ਨੇ ਕਿਹਾ ਕਿ ਮੈਨੂੰ ‘ਰੰਗਲਾ ਪੰਜਾਬ’ ਟੀਮ ਦਾ ਹਿੱਸਾ ਬਣਾਉਣ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਪੰਜਾਬ ‘ਚ ਬਹੁਤ ਸਾਰੀਆਂ ਟੂਰਿਜ਼ਮ ਦੀਆਂ ਜਗ੍ਹਾਂ ਹਨ ਜਿਸ ਬਾਰੇ ਲੋਕ ਨਹੀਂ ਜਾਣਦੇ ਸੀ। ਮੈਂ ਇਸ ਸਰਕਾਰ ਤੇ ਅਫ਼ਸਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਕਰਕੇ ਇਹ ਜਗ੍ਹਾ ਲੋਕਾਂ ਸਾਹਮਣੇ ਆ ਸਕੀਆਂ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਖੂਬਸੂਰਤ ਹੈ ਤੇ ਮੈਂ ਚਾਹੁੰਦਾ ਹਾਂ ਇਸ ਦੀ ਖੂਬਸੂਰਤੀ ਦੀ ਮਹਿਕ ਪੂਰੀ ਦੁਨੀਆ ‘ਚ ਜਾਵੇ।