ਬਠਿੰਡਾ: ਸੁਪਰੀਮ ਕੋਰਟ ਵੱਲੋਂ ਸ਼ਰਾਬ ਤੇ ਨਸ਼ਿਆਂ ਦੀ ਇਸ਼ਤਿਹਾਰਬਾਜ਼ੀ 'ਤੇ ਲਾਈ ਰੋਕ ਨੂੰ ਛਿੱਕੇ ਟੰਗ ਸ਼ਰਾਬ ਠੇਕੇਦਾਰਾਂ ਨੇ ਅੱਜ ਤਲਵੰਡੀ ਸਾਬੋ ਅਦਾਲਤ ਦੇ ਬਾਹਰ ਆਪਣੇ ਐਕਸਕਲੂਸਿਵ ਆਫ਼ਰ ਦੀ ਮੁਨਿਆਦੀ ਕਰਵਾਈ। ਸ਼ਰਾਬ ਠੇਕੇਦਾਰਾਂ ਨੇ ਗੱਡੀ 'ਤੇ ਲਾਊਡ ਸਪੀਕਰ ਲਾ ਕੇ ਲੋਕਾਂ ਨੂੰ 31 ਮਾਰਚ ਵਾਲੇ ਦਿਨ 'ਠੇਕੇ ਟੁੱਟਣ' ਬਾਰੇ ਸੂਚਿਤ ਕਰ ਰਹੇ ਸਨ। ਸ਼ਰਾਬ ਦੇ ਕਈ ਬ੍ਰੈਂਡਜ਼ ਦੇ ਨਾਂਅ ਲੈ ਕੇ ਵਿਸ਼ੇਸ਼ ਛੋਟ ਤੋਂ ਬਾਅਦ ਹੋਈ ਕੀਮਤ ਦਾ ਐਲਾਨ ਵੀ ਕੀਤਾ ਜਾ ਰਿਹਾ ਸੀ।
'ਗੁੱਡ ਫ੍ਰਾਈਡੇਅ' ਦੀ ਸਰਕਾਰੀ ਛੁੱਟੀ ਦਾ ਲਾਹਾ ਤਕਦਿਆਂ ਸ਼ਰਾਬ ਠੇਕੇਦਾਰਾਂ ਨੇ ਅਦਾਲਤੀ ਕੰਪਲੈਕਸ ਦੇ ਬਾਹਰ ਰੱਜ ਕੇ ਆਪਣੇ ਆਫਰਾਂ ਦਾ ਪ੍ਰਚਾਰ ਕੀਤਾ। ਬੇਸ਼ੱਕ ਤਲਵੰਡੀ ਸਾਬੋ ਵਿਖੇ ਸਿੱਖਾਂ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਸੁਸ਼ੋਭਿਤ ਹੈ, ਪਰ ਸ਼ਰਾਬ ਠੇਕੇਦਾਰਾਂ ਨੇ ਨਾ ਤਾਂ ਰੱਬ ਦਾ ਖੌਫ਼ ਮੰਨਿਆ ਤੇ ਨਾ ਹੀ ਕਾਨੂੰਨ ਦਾ। ਇਸ ਪੂਰੇ ਮਾਮਲੇ ਨੂੰ ਇੱਕ ਨਾਗਰਿਕ ਪੱਤਰਕਾਰ (ਸਿਟੀਜਨ ਜਰਨਲਿਸਟ) ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ। ਮੀਡੀਆ ਵਿੱਚ ਖ਼ਬਰ ਆਉਣ ਦੀ ਭਿਣਕ ਪੈਂਦਿਆਂ ਹੀ ਠੇਕੇਦਾਰ ਉੱਥੋਂ ਰਫੂਚੱਕਰ ਹੋ ਗਏ। ਇਸ ਸਬੰਧੀ ਹਾਲੇ ਤਕ ਪੁਲਿਸ ਵੱਲੋਂ ਕੋਈ ਹਰਕਤ ਨਹੀਂ ਕੀਤੀ ਗਈ ਹੈ। ਹੋ ਸਕਦਾ ਹੈ ਉਹ ਵੀ ਸਰਕਾਰੀ ਛੁੱਟੀ ਦਾ ਆਨੰਦ ਮਾਣ ਰਹੇ ਹੋਣ।