ਚੰਡੀਗੜ੍ਹ: ਪੰਜਾਬ ਪੁਲਿਸ ਨੇ ਅਦਾਕਾਰਾ ਰਵੀਨਾ ਟੰਡਨ, ਡਾਇਰੈਕਟਰ-ਕੋਰੀਓਗ੍ਰਾਫਰ ਫਰਾਹ ਖਾਨ ਤੇ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਦੂਸਰਾ ਕੇਸ ਸ਼ਨੀਵਾਰ ਨੂੰ ਫਿਰੋਜ਼ਪੁਰ ਛਾਉਣੀ ਵਿੱਚ ਦਰਜ ਕਰ ਲਿਆ ਹੈ।


ਇਸ ਤੋਂ ਪਹਿਲਾਂ, ਇਹ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਕਸਬੇ ਵਿੱਚ ਦਰਜ ਹੈ। ਉਧਰ, ਰਵੀਨਾ ਦੇ ਮੁਆਫੀ ਮੰਗਣ ਦੇ ਬਾਵਜੂਦ ਉਨ੍ਹਾਂ ਖਿਲਾਫ ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਜਾਰੀ ਹੈ।

ਰਵੀਨਾ ਨੇ ਟਵੀਟ ਕਰ ਮੁਆਫ਼ੀ ਵੀ ਮੰਗੀ ਸੀ। ਉਨ੍ਹਾਂ ਕਿਹਾ "ਮੈਂ ਐਸਾ ਕੋਈ ਸ਼ਬਦ ਨਹੀਂ ਕਿਹਾ ਜਿਸ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਇਆ ਹੋਵੇ। ਸਾਡੇ ਤਿੰਨਾਂ (ਫਰਾਹ ਖਾਨ, ਭਾਰਤੀ ਸਿੰਘ ਤੇ ਮੈਂ) ਨੇ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦੇ ਇਰਾਦਾ ਨਾਲ ਐਸਾ ਨਹੀਂ ਕੀਤਾ ਪਰ ਜੇ ਅਸੀਂ ਅਜਿਹਾ ਕੀਤਾ ਤਾਂ ਮੈਂ ਦਿਲੋਂ ਮੁਆਫ਼ੀ ਮੰਗਦੀ ਹਾਂ।"

ਪਹਿਲਾਂ ਇਹ ਕੇਸ ਕ੍ਰਿਸ਼ਚੀਅਨ ਫਰੰਟ ਦੇ ਪ੍ਰਧਾਨ ਸੋਨੂੰ ਜਾਫਰ ਦੀ ਸ਼ਿਕਾਇਤ 'ਤੇ ਪੰਜਾਬ ਦੇ ਅਜਨਾਲਾ ਸ਼ਹਿਰ ਵਿੱਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਤਿੰਨਾਂ ਨੇ ਇਸਾਈ ਧਰਮ ਦੇ ਸ਼ਬਦ 'ਹਲੇਲੂਯਹ' ਦਾ ਮਜ਼ਾਕ ਉਡਾਇਆ ਹੈ। ਇਸ ਨਾਲ ਇਸਾਈ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

"ਹਲੇਲੂਯਾਹ" ਇੱਕ ਇਬਰਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ "ਪ੍ਰਭੂ ਦੀ ਉਸਤਤਿ ਹੋਵੇ।" ਪਰ ਇਹਨਾਂ ਤਿੰਨਾਂ ਨੇ ਉਸ ਸ਼ਬਦ ਦਾ ਗਲ਼ਤ ਢੰਗ ਨਾਲ ਉਚਾਰਨ ਕੀਤਾ। ਪ੍ਰੋਗਰਾਮ ਦੀ ਵੀਡੀਓ ਫੁਟੇਜ ਦੇ ਨਾਲ ਇਹ ਕੇਸ ਆਈਪੀਸੀ ਦੀ ਧਾਰਾ 295-ਏ ਦੇ ਅਧੀਨ ਦਰਜ ਕੀਤਾ ਗਿਆ ਹੈ।