ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਅੱਜ ਵੀ ਸੰਘਣੀ ਧੁੰਦ ਤੇ ਠੰਢ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਕਈ ਥਾਵਾਂ ਤੋਂ ਧੁੰਦ ਕਾਰਨ ਹਾਦਸਿਆਂ ਦੀ ਵੀ ਖ਼ਬਰ ਹੈ। ਹਰਿਆਣਾ ਦੇ ਜੀਂਦ ਵਿੱਚ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਧੁੰਦ ਕਾਰਨ ਹਵਾਈ, ਰੇਲ ਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਦੋਵਾਂ ਸੂਬਿਆਂ ਵਿੱਚ ਤਾਪਮਾਨ ਆਮ ਨਾਲੋਂ ਪੰਜ ਤੋਂ ਸੱਤ ਡਿਗਰੀ ਹੇਠਾਂ ਰਿਕਾਰਡ ਕੀਤਾ ਗਿਆ।


ਹਰਿਆਣਾ ਦੇ ਹਿਸਾਰ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਬਠਿੰਡਾ 2.3 ਡਿਗਰੀ ਸੈਲਸੀਅਸ ਨਾਲ ਸੂਬੇ ’ਚ ਸਭ ਤੋਂ ਠੰਢਾ ਰਿਹਾ। ਕੌਮੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ’ਚ ਵੀ ਠੰਢ ਦਾ ਜ਼ੋਰ ਜਾਰੀ ਹੈ ਤੇ ਸ਼ਨਿਚਰਵਾਰ ਸਵੇਰੇ ਸਫ਼ਦਰਜੰਗ ’ਚ ਤਾਪਮਾਨ 2.4 ਡਿਗਰੀ ਮਾਪਿਆ ਗਿਆ। ਸੰਘਣੀ ਧੁੰਦ ਕਾਰਨ ਸ਼ਨਿਚਰਵਾਰ ਸਵੇਰੇ ਚਾਰ ਉਡਾਣਾਂ ਦਿੱਲੀ ਹਵਾਈ ਅੱਡੇ ਤੋਂ ਮੋੜ ਦਿੱਤੀਆਂ ਗਈਆਂ।

ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ, ਪਟਿਆਲਾ ਦਾ 5.1, ਲੁਧਿਆਣਾ ਦਾ 5.6, ਆਦਮਪੁਰ ਦਾ 7.2 ਤੇ ਪਠਾਨਕੋਟ ਦਾ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿੱਚ ਨਾਰਨੌਲ ਦਾ ਤਾਪਮਾਨ 0.5, ਰੋਹਤਕ ਦਾ 1.8, ਕਰਨਾਲ ਦਾ 1.5, ਸਿਰਸਾ ਦਾ ਦੋ ਡਿਗਰੀ ਤੇ ਭਿਵਾਨੀ ਦਾ 3.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਜਦਕਿ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਹਾੜੀ ਸੂਬੇ ’ਚ ਕਿਲੌਂਗ ਮਨਫ਼ੀ 11.5 ਡਿਗਰੀ ਨਾਲ ਸਭ ਤੋਂ ਵੱਧ ਠੰਢਾ ਰਿਕਾਰਡ ਕੀਤਾ ਗਿਆ ਹੈ। ਡਲਹੌਜ਼ੀ ਦਾ ਘੱਟੋ-ਘੱਟ ਤਾਪਮਾਨ ਅੱਜ 5.1 ਡਿਗਰੀ ਸੈਲਸੀਅਸ ਰਿਹਾ।