Punjab News: ਪੰਜਾਬ ਸਰਕਾਰ ਨੇ ਡਰੱਗ ਮਾਫੀਆ-ਪੁਲਿਸ ਗਠਜੋੜ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਘੱਟੋ-ਘੱਟ 10,000 ਪੁਲਿਸ ਮੁਲਾਜ਼ਮਾਂ ਦੀ ਬਦਲੀ ਕੀਤੀ ਹੈ ਪਰ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਇਕੱਲੇ ਮੋਗਾ ਜ਼ਿਲ੍ਹੇ ਵਿੱਚ ਤੀਜੀ ਮੌਤ ਹੋਈ ਹੈ।


ਮੋਗਾ ਜ਼ਿਲ੍ਹੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਤੀਜੀ ਮੌਤ 


ਤਾਜ਼ਾ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ 2 ਸਾਲ ਪਹਿਲਾਂ ਨਸ਼ੇ ਦਾ ਆਦੀ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਮੋਗਾ ਦੇ ਪਿੰਡ ਲੋਹਾਰਾ ਦੇ ਹਰਮਨ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਸ਼ਰਮ ਕਾਰਨ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਜਿਸ ਤੋਂ ਬਾਅਦ ਥਾਣਾ ਧਰਮਕੋਟ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰ ਕਰ ਦਈਏ ਕਿ ਹਰਮਨ ਦੀ ਮੌਤ ਤੋਂ ਪਹਿਲਾਂ ਭਲੂਰ ਪਿੰਡ ਵਿੱਚ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਨਸ਼ੇ ਕਾਰਨ ਮੌਤ ਹੋ ਗਈ ਸੀ।


ਘਰੋਂ ਰੁੱਸ ਕੇ ਗਿਆ ਤੇ ਹੁਣ ਮਿਲੀ ਲਾਸ਼


ਹਰਮਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਤਵਾਰ ਨੂੰ ਘਰੋਂ ਨਿਕਲਿਆ ਸੀ ਅਤੇ ਉਦੋਂ ਤੋਂ ਲਾਪਤਾ ਸੀ। ਉਨ੍ਹਾਂ ਦਾ ਲੜਕਾ ਕਰੀਬ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ।  ਐਤਵਾਰ ਨੂੰ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਮੋਟਰਸਾਈਕਲ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਘਰੋਂ ਭੱਜ ਗਿਆ। ਉਸ ਦੀ ਲਾਸ਼ ਬੀਤੇ ਬੁੱਧਵਾਰ ਪਿੰਡ ਕੰਡਿਆਲ ਨੇੜੇ ਮਿਲੀ ਸੀ। ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਅਤੇ ਸਸਕਾਰ ਕਰ ਦਿੱਤਾ। ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਾ ਜ਼ੋਰਾਂ ’ਤੇ ਹੈ ਅਤੇ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ।


ਪਰਿਵਾਰ ਵਾਲਿਆਂ ਨੇ ਨਹੀਂ ਕਰਵਾਈ ਸ਼ਿਕਾਇਤ ਦਰਜ


ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਧਰਮਕੋਟ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ। ਜਿਸ ਤੋਂ ਬਾਅਦ ਸੀਆਰਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।