Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ (Ladowal Toll Plaza ) ਪਿਛਲੇ 4 ਦਿਨਾਂ ਤੋਂ ਬੰਦ ਹੈ। ਡੇਢ ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। NHAI ਨੂੰ ਕਰੀਬ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲ ਦੀ ਘੜੀ ਤੱਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਾਹਮਣੇ NHAI (National Highways Authority of India) ਬੇਵੱਸ ਨਜ਼ਰ ਆ ਰਹੀ ਹੈ।
ਲਗਾਤਾਰ ਵਧ ਰਹੀ ਕਿਸਾਨਾਂ ਦੀ ਗਿਣਤੀ
ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ ਕਿ ਟੋਲ 150 ਰੁਪਏ ਪ੍ਰਤੀ ਵਾਹਨ ਹੋਣਾ ਚਾਹੀਦਾ ਹੈ ਪਰ ਐਨਐਚਏਆਈ(NHAI) ਦੇ ਅਧਿਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਕਾਰਨ ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ।
ਜੇ ਸਰਕਾਰ ਨਾ ਝੁਕੀ ਤਾਂ ਸੰਘਰਸ਼ ਜਾਰੀ ਰਹੇਗਾ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਹਮੇਸ਼ਾ ਹੀ ਲੋਕਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਜੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਨਾ ਝੁਕੀ ਤਾਂ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਹਰ ਕਦਮ ਚੁੱਕਣਗੇ।
ਸਿਆਸ ਆਗੂ ਸੇਕਦੇ ਨੇ ਰੋਟੀਆਂ
ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਆਮ ਆਦਮੀ ਇੰਨਾ ਮਹਿੰਗਾ ਟੋਲ ਕਿਵੇਂ ਅਦਾ ਕਰੇ। ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਧਾਉਣ ਲਈ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਵੀ ਅੱਜ ਲੋਕਾਂ ਦੇ ਹੱਕ ਵਿੱਚ ਨਹੀਂ ਖੜ੍ਹੇ ਹੋ ਰਹੇ। ਸਿਆਸੀ ਪਾਰਟੀਆਂ ਦੇ ਆਗੂ ਸਿਰਫ਼ ਸਿਆਸੀ ਰੋਟੀਆਂ ਸੇਕਦੇ ਹਨ।
ਟੋਲ ਤੋਂ ਲੰਘਣ ਵਾਲਾ ਕਰਦਾ ਹੈ ਕਿਸਾਨਾਂ ਦਾ ਧੰਨਵਾਦ
ਉਨ੍ਹਾਂ ਕਿਹਾ ਕਿ ਜੇਕਰ ਮੱਧ ਵਰਗ ਨਾਲ ਸਬੰਧਤ ਕੋਈ ਪਰਿਵਾਰ ਟੋਲ ਤੋਂ ਲੰਘਦਾ ਹੈ ਤਾਂ ਉਹ ਕਿਸਾਨਾਂ ਦਾ ਧੰਨਵਾਦ ਕਰਕੇ ਚਲਾ ਜਾਂਦਾ ਹੈ ਕਿਉਂਕਿ ਇਸ ਨਾਲ 425 ਰੁਪਏ ਦਾ ਟੋਲ ਬਚ ਜਾਂਦਾ ਸੀ। ਇਸ ਟੋਲ ਤੋਂ ਹੋਣ ਵਾਲੀ ਬੱਚਤ ਨਾਲ ਉਹ ਸਫ਼ਰ ਦੌਰਾਨ ਆਪਣੇ ਬੱਚਿਆਂ ਦਾ ਪੇਟ ਪਾਲਦਾ ਹੈ। ਕਿਸਾਨਾਂ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਰੇਟ ਵਧਾਉਣ ਕਰਕੇ ਕੀਤਾ ਜਾ ਰਿਹਾ ਸੰਘਰਸ਼
ਜ਼ਿਕਰ ਕਰ ਦਈਏ ਕਿ ਲਾਡੋਵਾਲ ਟੋਲ 'ਤੇ ਪੁਰਾਣੀਆਂ ਦਰਾਂ ਮੁਤਾਬਕ, ਕਾਰ ਦਾ ਟੈਕਸ ਇੱਕ ਤਰਫਾ 215 ਰੁਪਏ ਅਤੇ ਰਾਊਂਡ ਟ੍ਰਿਪ ਲਈ 325 ਰੁਪਏ ਸੀ ਤੇ ਮਹੀਨਾਵਾਰ ਪਾਸ 7175 ਰੁਪਏ ਸੀ। ਹੁਣ ਨਵੀਂ ਦਰ ਵਿੱਚ ਇੱਕ ਤਰਫਾ ਕਿਰਾਇਆ 220 ਰੁਪਏ ਅਤੇ ਰਾਊਂਡ ਟ੍ਰਿਪ 330 ਰੁਪਏ ਅਤੇ ਮਹੀਨਾਵਾਰ ਪਾਸ 7360 ਰੁਪਏ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਨੂੰ ਲੈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।