Punjab News:  ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੋਹਾਲੀ 'ਚ ਮੇਅਰ ਬਣਨ ਦਾ ਦਾਅਵਾ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਮਿਲ ਕੇ ਮੇਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁਹਾਲੀ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਦਾ ਮੇਅਰ ਹੈ ਪਰ, ਉਨ੍ਹਾਂ ਦਾਅਵਾ ਕੀਤਾ ਹੈ ਕਿ ਜਲਦੀ ਹੀ ਆਮ ਆਦਮੀ ਪਾਰਟੀ ਦਾ ਮੋਹਾਲੀ ਦਾ ਮੇਅਰ ਬਣੇਗਾ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।


ਉਨ੍ਹਾਂ ਇਹ ਬਿਆਨ ਮੋਹਾਲੀ ਤੋਂ ਇੱਕ ਸ਼ਰਧਾਲੂ ਜਥੇ ਨੂੰ ਰਵਾਨਾ ਕਰਨ ਮੌਕੇ ਦਿੱਤਾ। ਉਨ੍ਹਾਂ ਕਿਹਾ ਕਿ ਗਠਜੋੜ ਦਾ ਜਲਦੀ ਹੀ ਚੰਡੀਗੜ੍ਹ ਵਿੱਚ ਮੇਅਰ ਹੋਵੇਗਾ। ਇਸ ਦੇ ਨਾਲ ਹੀ ਮੁਹਾਲੀ ਵਿੱਚ ਵੀ ਉਹ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਲਈ ਯਤਨਸ਼ੀਲ ਹਨ ਅਤੇ ਜਲਦੀ ਹੀ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਹੋਵੇਗਾ।


ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਇਸ ਵੇਲੇ ਨਗਰ ਨਿਗਮ ਦੇ ਮੇਅਰ ਹਨ। ਇਸ ਦੌਰਾਨ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਸਮੇਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੇ ਅਦਾਲਤ ਦਾ ਰੁਖ਼ ਅਪਣਾ ਕੇ ਆਪਣੀ ਕੁਰਸੀ ਬਚਾਈ। ਮੋਹਾਲੀ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰ ਹਨ। ਇਨ੍ਹਾਂ ਵਿੱਚੋਂ 35 ਕੌਂਸਲਰ ਕਾਂਗਰਸ ਦੇ ਹਨ। 11 ਕੌਂਸਲਰ ਆਮ ਆਦਮੀ ਪਾਰਟੀ ਦੇ ਹਨ। ਦੋ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ ਅਤੇ ਦੋ ਕੌਂਸਲਰ ਆਜ਼ਾਦ ਹਨ।


ਚੰਡੀਗੜ੍ਹ ਵਿੱਚ I.N.D.I.A ਗਠਜੋੜ


ਚੰਡੀਗੜ੍ਹ ਵਿੱਚ ਨਗਰ ਨਿਗਮ ਮੇਅਰ ਦੀ ਚੋਣ ਲਈ I.N.D.I.A ਗਠਜੋੜ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 36 ਵੋਟਾਂ ਹਨ। ਅਜਿਹੇ ਵਿੱਚ ਇਹ ਗਠਜੋੜ ਆਮ ਆਦਮੀ ਪਾਰਟੀ ਦੀਆਂ 13 ਅਤੇ ਕਾਂਗਰਸ ਪਾਰਟੀ ਦੀਆਂ 7 ਵੋਟਾਂ ਨਾਲ ਬਹੁਮਤ ਵਿੱਚ ਆ ਗਿਆ ਹੈ। ਪਿਛਲੇ 7 ਸਾਲਾਂ ਤੋਂ ਨਗਰ ਨਿਗਮ 'ਤੇ ਕਾਬਜ਼ ਭਾਜਪਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਗਠਜੋੜ ਅਦਾਲਤ ਵਿਚ ਚਲਾ ਗਿਆ ਹੈ। ਜਿਸ ਦੀ ਮੁੜ ਸੁਣਵਾਈ 23 ਜਨਵਰੀ ਨੂੰ ਹੋਣੀ ਹੈ।