ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਬੱਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੱਜ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਅੰਮ੍ਰਿਤਸਰ ਪੁੱਜੇ। ਇਨ੍ਹਾਂ ਵਿੱਚ ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਵੱਡੇ ਨੇਤਾ ਸ਼ਾਮਲ ਹਨ।


ਵਿਧਾਇਕਾ ਬਲਜਿੰਦਰ ਕੌਰ ਦਾ ਆਨੰਦ ਕਾਰਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਹੋਇਆ ਸੀ। ਉਨ੍ਹਾਂ ਦੇ ਪਤੀ ਸੁਖਰਾਜ ਬੱਲ ਵੀ ਮਾਝਾ ‘ਆਪ’ ਜ਼ੋਨ ਦੇ ਇੰਚਾਰਜ ਹਨ। ਦੋਵੇਂ ਜਣਿਆਂ ਨੇ ਸੱਤ ਜਨਵਰੀ ਨੂੰ ਮੰਗਣੀ ਕਰਵਾਈ ਸੀ।

ਰਿਸੈਪਸ਼ਨ ਵਿੱਚ ਪੁੱਜੇ ਲੀਡਰਾਂ ਨੇ ਪੁਲਵਾਮਾ ਹਮਲੇ ਬਾਰੇ ਵੀ ਆਪਣਾ ਪੱਖ ਸਾਂਝਾ ਕੀਤਾ। ਇਸ ਮੌਕੇ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਾਫੀ ਬੇਰਹਿਮੀ ਭਰਿਆ ਹਮਲਾ ਸੀ। ਪੂਰਾ ਦੇਸ਼ ਉਮੀਦ ਕਰ ਰਿਹਾ ਹੈ ਕਿ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਵੇ ਤੇ ਭਾਰਤ ਇਸ ਲਈ ਤਿਆਰ ਵੀ ਹੈ।