ਚੰਡੀਗੜ੍ਹ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਬੰਧਨ ਵਿੱਚ ਬੱਝ ਗਈ ਹੈ। ਬਠਿੰਡਾ ਦੇ ਇੱਕ ਪੈਲੇਸ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ।  ਉਸ ਦਾ ਵਿਆਹ ਬਠਿੰਡਾ ਦੇ ਹੀ ਰਹਿਣ ਵਾਲੇ ਨੌਜਵਾਨ ਸਾਹਿਲ ਪੁਰੀ ਨਾਲ ਹੋਇਆ ਹੈ ਜੋ ਇਸ ਵੇਲੇ ਸਿਹਤ ਵਿਭਾਗ ’ਚ ਐਜੂਕੇਟਰ ਅਫਸਰ ਵਜੋਂ ਤਾਇਨਾਤ ਹੈ। ਇਸ ਤੋਂ ਪਹਿਲਾਂ ਉਹ ਫਾਸਟਵੇਅ ਤੇ ਦੈਨਿਕ ਭਾਸਕਰ ਵਿੱਚ ਮੀਡੀਆ ਕਰਮੀ ਵਜੋਂ ਕੰਮ ਕਰ ਚੁੱਕਿਆ ਹੈ। ਸਭ ਤੋਂ ਪਹਿਲਾਂ ਸਥਾਨਕ ਗੁਰਦੁਵਾਰਾ ਸਾਹਿਬ ਵਿੱਚ ਰੂਬੀ ਤੇ ਸਾਹਿਲ ਪੁਰੀ ਦੇ ਅਨੰਦ ਕਾਰਜ ਦੀ ਰਸਮ ਕੀਤੀ ਗਈ। ਇਸ ਪਿੱਛੋਂ ਬਾਕੀ ਰਸਮਾਂ ਪੈਲੇਸ ਵਿੱਚ ਕੀਤੀਆਂ ਗਈਆਂ। ਇਸ ਮੌਕੇ ਵਿਆਹ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ, ਸੰਜੇ ਸਿੰਘ, ਭਗਵੰਤ ਮਾਨ, ਜਗਦੇਵ ਕਮਾਲੂ, ਬਲਵੀਰ ਸਿੰਘ, ਅਜਾਇਬ ਸਿੰਘ ਭੱਟੀ ਤੇ ਕਈ ਹੋਰ ਲੀਡਰ ਵੀ ਸ਼ਾਮਲ ਹੋਏ। ਇਸ ਦੌਰਾਨ ਨਵੇਂ ਜੋੜੇ ਨੂੰ ਆਸ਼ੀਰਵਾਦ ਦੇਣ ਪੁੱਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਸਰਕਾਰ ’ਤੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕਾਰਨ ਦੇ ਦੋਸ਼ ਵੀ ਲਾਏ।