ਸਿੱਖਿਆ ਮੰਤਰੀ ਦੀ ਸਖ਼ਤੀ ਖਿਲਾਫ ਸਟੇਟ ਐਵਾਰਡ ਮੋੜਿਆ
ਏਬੀਪੀ ਸਾਂਝਾ | 11 Oct 2018 01:44 PM (IST)
ਚੰਡੀਗੜ੍ਹ: ਸਿੱਖਿਆ ਮੰਤਰੀ ਦੀ ਸਖ਼ਤੀ ਖਿਲਾਫ ਅਧਿਆਪਕਾਂ ਵਿੱਚ ਰੋਹ ਵਧ ਗਿਆ ਹੈ। ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਬਠਿੰਡਾ ਜ਼ਿਲ੍ਹੇ ਦੇ ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਨੇ ਆਪਣਾ ਐਵਾਰਡ ਵਾਪਸ ਕਰ ਦਿੱਤਾ ਹੈ। ਪਰਮਜੀਤ ਸਿੰਘ ਨੇ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਹਮਾਇਤ ਵਿੱਚ ਸਟੇਟ ਐਵਾਰਡ ਮੋੜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਮਸਾ ਤੇ ਐਸਐਸਏ ਅਧਿਆਪਕਾਂ ਦੀ ਤਨਖ਼ਾਹ 42 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰ ਦਿੱਤੀ ਹੈ। ਇਸ ਲਈ ਹਜ਼ਾਰਾਂ ਅਧਿਆਪਕ ਸੜਕਾਂ ’ਤੇ ਉੱਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਪੁਰਸਕਾਰ ਮਿਲਿਆ ਸੀ ਤਾਂ ਬਹੁਤ ਖ਼ੁਸ਼ੀ ਹੋਈ ਸੀ ਪਰ ਹੁਣ ਜਦੋਂ ਉਹ ਅਧਿਆਪਕਾਂ ਨੂੰ ਸੜਕਾਂ ’ਤੇ ਰੁਲਦੇ ਦੇਖਦੇ ਹਨ ਤਾਂ ਐਵਾਰਡ ਕਾਗ਼ਜ਼ ਦਾ ਟੁਕੜਾ ਲੱਗਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰੋਸ ਵਜੋਂ ਆਪਣਾ ਸਟੇਟ ਐਵਾਰਡ ਸਰਕਾਰ ਨੂੰ ਵਾਪਸ ਕਰ ਰਹੇ ਹਨ। ਪਰਮਜੀਤ ਸਿੰਘ ਇਸ ਵੇਲੇ ਸਰਕਾਰੀ ਹਾਈ ਸਕੂਲ ਗੋਨਿਆਣਾ ਖ਼ੁਰਦ ’ਚ ਆਰਟ ਐਂਡ ਕਰਾਫ਼ਟ ਅਧਿਆਪਕ ਵਜੋਂ ਤਾਇਨਾਤ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਾਲ 2014 ਵਿਚ ਸਟੇਟ ਪੁਰਸਕਾਰ ਨਾਲ ਸਨਮਾਨਿਆ ਸੀ। ਉਨ੍ਹਾਂ ਨੂੰ ਦਿੱਲੀ ਤੋਂ ਵੀ ਗਲੋਬਲ ਟੀਚਰ ਐਵਾਰਡ ਵੀ ਮਿਲਿਆ ਹੋਇਆ ਹੈ।