ਅੰਮ੍ਰਿਤਸਰ: ਅਕਾਲੀ ਦਲ ਤੇ ਬੀਜੇਪੀ ਦੇ ਬਾਗੀ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਤਰਲੋ-ਮੱਛੀ ਹੋ ਰਹੀਆਂ ਹਨ। ਬੇਸ਼ੱਕ ਬੀਜੇਪੀ ਦੇ ਸਾਬਕਾ ਸਾਂਸਦ ਨਵਜੋਤ ਸਿੱਧੂ ਤੇ ਅਕਾਲੀ ਦਲ ਤੋਂ ਮੁਅੱਤਲ ਵਿਧਾਇਕ ਪਰਗਟ ਸਿੰਘ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਪਰ ਦੋਵੇਂ ਪਾਰਟੀਆਂ ਉਨ੍ਹਾਂ ਦਾ ਖੁੱਲ੍ਹ ਕੇ ਸਵਾਗਤ ਕਰ ਰਹੀਆਂ ਹਨ।       ਕਾਂਗਰਸ ਦੀ ਸੀਨੀਅਰ ਆਗੂ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਵਿੱਚ ਹਰ ਕਿਸੇ ਦਾ ਸਵਾਗਤ ਹੈ। ਉਨ੍ਹਾਂ ਸਿੱਧੂ ਬਾਰੇ ਕਿਹਾ ਕਿ ਉਨ੍ਹਾਂ ਹਾਲੇ ਰਾਜ ਸਭ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ, ਭਾਜਪਾ ਤੋਂ ਨਹੀਂ। ਇਸ ਲਈ ਉਨ੍ਹਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਗਏ ਪ੍ਰਗਟ ਸਿੰਘ ਤੇ ਇੰਦਰਬੀਰ ਬੁਲਾਰੀਆ ਨੂੰ ਸ਼ਾਮਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਹਰ ਕਿਸੇ ਦਾ ਸਵਾਗਤ ਹੈ।     ਉਧਰ, ਅਕਾਲੀ ਦਲ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਗਟ ਸਿੰਘ ਉੱਤੇ ਆਮ ਆਦਮੀ ਪਾਰਟੀ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਪਰਗਟ ਨੇ ਆਪਣੀ ਨਵੀਂ ਸਿਆਸੀ ਪਾਰੀ ਬਾਰੇ ਅਜੇ ਕੁਝ ਵੀ ਖ਼ੁਲਾਸਾ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਨੇ ਪਰਗਟ ਸਿੰਘ ਲਈ ਪਾਰਟੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਆਖਿਆ ਕਿ ਪਰਗਟ ਸਿੰਘ ਇਮਾਨਦਾਰ ਤੇ ਬੇਦਾਗ਼ ਆਗੂ ਹਨ। ਅਜਿਹੇ ਆਗੂ ਜੇਕਰ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਮਜ਼ਬੂਤੀ ਮਿਲੇਗੀ।     ਹਾਲਾਂਕਿ ਸੰਜੇ ਸਿੰਘ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਪਰਗਟ ਸਿੰਘ ਨਾਲ ਇਸ ਮੁੱਦੇ ਉੱਤੇ ਕੋਈ ਗੱਲਬਾਤ ਹੋਈ ਹੈ ਪਰ ਉਨ੍ਹਾਂ ਪਰਗਟ ਸਿੰਘ ਲਈ ਪਾਰਟੀ ਦੇ ਦਰਵਾਜ਼ੇ ਖੋਲ੍ਹਣ ਦੀ ਗੱਲ ਆਖ ਕੇ ਸਿਆਸੀ ਤੌਰ ਉੱਤੇ ਹਲਚਲ ਤੇਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।