ਨੌਜਵਾਨ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ
ਏਬੀਪੀ ਸਾਂਝਾ | 22 Jul 2016 06:26 AM (IST)
ਜਲੰਧਰ: ਸ਼ਹਿਰ ਵਿੱਚ ਕੁਝ ਲੋਕਾਂ ਨੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਿੰਪਲ ਨਾਂ ਦਾ ਇਹ ਨੌਜਵਾਨ ਟੀ.ਵੀ. ਸੈਂਟਰ ਕੋਲ ਧੋਬੀ ਘਾਟ ਅੰਦਰ ਵਾਸ਼ਿੰਗ ਦਾ ਕੰਮ ਕਰਦੀ ਸੀ। ਪੁਲਿਸ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਨਕੋਦਰ ਚੌਕ ਸਥਿਤ ਟੀ.ਵੀ. ਸੈਂਟਰ ਕੋਲ ਪੈਂਦੇ ਗੁਜਰਾਲ ਨਗਰ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਰਿੰਪਲ ਨੂੰ ਗੋਲੀ ਮਾਰ ਦਿੱਤੀ। ਗੋਲੀ ਨੌਜਵਾਨ ਦੇ ਸਿਰ ਤੋਂ ਆਰ-ਪਾਰ ਹੋ ਗਈ। ਚਸ਼ਮਦੀਦਾਂ ਮੁਤਾਬਕ ਹਮਲਾਵਰ ਕਾਰ 'ਤੇ ਆਏ ਸਨ। ਰਿੰਪਲ ਦੇ ਦੋਸਤਾਂ ਮੁਤਾਬਕ ਉਹ ਕੁਝ ਦਿਨ ਪਹਿਲਾਂ ਆਪਣੇ ਦੋਸਤ ਕਪਿਲ ਨਾਲ ਨਾਗਰਾ ਪਿੰਡ ਗਿਆ ਸੀ। ਉੱਥੇ ਉਸ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਨੇ ਰਿੰਪਲ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਰਿੰਪਲ ਦਾ ਇੱਕ ਕਾਂਗਰਸੀ ਲੀਡਰ ਨੇ ਰਾਜੀਨਾਮਾ ਵੀ ਕਰਵਾਇਆ ਸੀ। ਦਿਨ-ਦਿਹਾੜੇ ਇਹ ਵਾਰਦਾਤ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀ ਹੈ। ਦਰਅਸਲ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਪੁਲਿਸ ਇੱਕ ਮਾਮਲੇ ਨੂੰ ਸੁਲਝਾ ਰਹੀ ਹੁੰਦੀ ਤੇ ਇੰਨੇ ਨੂੰ ਹੋਰ ਵਾਰਦਾਤ ਵਾਪਰ ਜਾਂਦੀ ਹੈ।