ਜਲੰਧਰ: ਇੱਥੇ ਦੀ ਦੇਹਾਤੀ ਪੁਲਿਸ ਨੇ ਪਾਕਿ ਖੁਫੀਆ ਏਜੰਸੀ ਆਈਐਸਆਈ ਸਣੇ ਕਈ ਅੱਤਵਾਦੀ ਸੰਗਠਨਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੀ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਕਰਤਾਰਪੁਰ ਦੇ ਪਿੰਡ ਭਤੀਜਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਏਜੰਟ ਦਾ ਰਿਮਾਂਡ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਦਾ ਨਾਂ ਹਰਪਾਲ ਸਿੰਘ ਹੈ, ਜੋ ਪਾਕਿਸਤਾਨ ‘ਚ ਬੈਠੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਚਾਵਲਾ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਰਣਜੀਤ ਸਿੰਘ ਨੀਟਾ ਤੇ ਕੁਲਵੰਤ ਸਿੰਘ ਮਠੜਾ, ਨੈਸ਼ਨਲ ਹਿਊਮਨ ਰਾਈਟਸ ਯੂਕੇ ਦੇ ਮੈਂਬਰ ਪਰਮਜੀਤ ਸਿੰਘ ਗਰੇਵਾਲ ਸਣੇ ਕਈ ਸੰਗਠਨਾਂ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਂਦਾ ਸੀ।

ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਦਾ ਪਿਤਾ ਤੇ ਮਾਂ ਆਦਮਪੁਰ ਬੇਸ ‘ਚ ਕੰਟ੍ਰੈਕਟ ‘ਤੇ ਕੰਮ ਕਰਦੇ ਸੀ। ਉਨ੍ਹਾਂ ਤੋਂ ਬਾਅਦ ਉਸ ਨੂੰ ਇੱਥੇ ਕੰਟ੍ਰੈਕਟ ‘ਤੇ ਬਤੌਰ ਚੌਕੀਦਾਰੀ ਦਾ ਕੰਮ ਮਿਲ ਗਿਆ। ਇਸ ਨੇ ਉੱਥੇ ਕਿਹੜੀ ਜਾਣਕਾਰੀ ਭੇਜੀ ਹੈ, ਇਸ ‘ਤੇ ਅਜੇ ਜਾਂਚ ਚੱਲ ਰਹੀ ਹੈ।

ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਪਿੰਡ ‘ਚ ਛਾਪੇਮਾਰੀ ਕਰ ਹਰਪਾਲ ਨੂੰ ਗ੍ਰਿਫ਼ਤਾਰ ਕੀਤਾ ਜਿਸ ਪਾਸੋਂ ਇੱਕ ਮੋਬਾਈਲ ਤੇ ਹੋਰ ਕਈ ਦਸਤਾਵੇਜ਼ ਬਰਾਮਦ ਹੋਏ ਹਨ ਜਿਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ।