ਪਟਿਆਲਾ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਦੇਸ਼ ਦੇ ਖ਼ੁਰਾਕ ਮੰਤਰੀ ਪਿਯੂਸ਼ ਗੋਇਲ ‘ਝੂਠੇ’ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਉਨ੍ਹਾਂ ਦੀ ਚਿੱਠੀ ਮੁਤਾਬਕ ਆਨਲਾਈਨ ਐਮਐਸਪੀ (MSP) ਭੁਗਤਾਨ ਨੂੰ ਲਾਗੂ ਕਰ ਦਿੱਤਾ ਗਿਆ, ਤਾਂ ਛੋਟੇ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ।

 

ਪੰਜਾਬ ’ਚ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਉਨ੍ਹਾਂ ਦੀਆਂ ਫ਼ਸਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਪੰਜਾਬ ਦੀਆਂ ਜ਼ਮੀਨਾਂ ਦੇ ਰਿਕਾਰਡ ਹਾਲੇ ਕੇਂਦਰੀ ਖ਼ਰੀਦ ਪੋਰਟਲ ਨਾਲ ਜੋੜਨੇ ਰਹਿੰਦੇ ਹਨ। ਦੱਸ ਦੇਈਏ ਕਿ ਪਿਯੂਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਆਖਿਆ ਸੀ ਕਿ ਇਸ ਸਬੰਧੀ ਪਹਿਲਾਂ ਰਾਜ ਨੂੰ ਛੋਟਾਂ ਦਿੱਤੀਆਂ ਗਈਆਂ ਸਨ ਤੇ ਹੁਣ ਇਸ ਦੀ ਤੁਰੰਤ ਪਾਲਣਾ ਕਰਨੀ ਚਾਹੀਦੀ ਹੈ।

 

ਪਟਿਆਲਾ ’ਚ ਆਪਣੀ ਰਿਹਾਇਸ਼ਗਾਹ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੀਯੂਸ਼ ਗੋਇਲ ਦੀਆਂ ਕਾਰਵਾਈਆਂ ‘ਵੱਡੀ ਸਾਜ਼ਿਸ਼ ਦਾ ਹਿੱਸਾ ਹਨ।’ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਕੇਂਦਰੀ ਮੰਤਰੀ ਦੀ ਹਾਲੀਆ ਚਿੱਠੀ ‘ਝੂਠਾਂ ਦਾ ਪੁਲੰਦਾ ਹੈ।’

 

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੰਤਰੀ ਵੱਲੋਂ ਲਿਖੀ ਚਿੱਠੀ ਵਿੱਚ ਇਹ ਲਿਖਿਆ ਗਿਆ ਹੈ ਕਿ ਪੰਜਾਬ ਦੇ ਲੈਂਡ ਰਿਕਾਰਡ ਵਿਭਾਗ ਕੋਲ ਸਾਰੀਆਂ ਜ਼ਮੀਨਾਂ ਦੇ ਰਿਕਾਰਡ ਹਨ ਪਰ ਇਹ ਦਰੁਸਤ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਐਮਐਸਪੀ ਦੇ ਸਿੱਧੇ ਆਨਲਾਈਨ ਭੁਗਤਾਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।

 

ਨਵਜੋਤ ਸਿੱਧੂ ਨੇ ਸਾਲ 2012-13 ਦੇ ਰਾਸ਼ਟਰੀ ਸੈਂਪਲ ਸਰਵੇਖਣ ਦਾ ਜ਼ਿਕਰ ਕੀਤਾ, ਜਿਸ ਅਨੁਸਾਰ ਖੇਤੀਬਾੜੀ ਦਾ 24 ਫ਼ੀਸਦੀ ਠੇਕੇ ਉੱਤੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਠੇਕੇ ਜ਼ੁਬਾਨੀ ਹੀ ਹੁੰਦੇ ਹਨ। ਜੇ ਪਿਯੂਸ਼ ਗੋਇਲ ਦੀ ਚਿੱਠੀ ਨੂੰ ਇੰਨ੍ਹ-ਬਿੰਨ੍ਹ ਲਾਗੂ ਕਰ ਦਿੱਤਾ ਗਿਆ, ਤਾਂ ਕਿਸੇ ਕਿਸਾਨ ਨੂੰ ਕੋਈ ਭੁਗਤਾਨ ਮਿਲੇਗਾ ਹੀ ਨਹੀਂ। ਸਭ ਤੋਂ ਵੱਧ ਨੁਕਸਾਨ ਛੋਟੇ ਕਿਸਾਨ ਨੂੰ ਹੋਵੇਗਾ।

 

ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਅਡਾਨੀਆਂ ਤੇ ਅੰਬਾਨੀਆਂ ਦੀ ਅਗਵਾਈ ਹੇਠਲੇ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਸ ਕਦਮ ਨੂੰ ‘ਕਿਸਾਨਾਂ ਨਾਲ ਆਰਥਿਕ ਬਲੈਕਮੇਲ’ ਕਿਹਾ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਕਿਸਾਨ ਹੁਣ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕਰ ਰਹੇ ਹਨ, ਇਸੇ ਲਈ ਕੇਂਦਰ ਸਰਕਾਰ ਹੁਣ ਕਿਸਾਨਾਂ ਦੀ ਬਾਂਹ ਮਰੋੜ ਰਹੀ ਹੈ।

 

ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕੈਸ਼ ਕ੍ਰੈਡਿਟ ਲਿਮਿਟ ਨੂੰ ਹੁਣ ਰੋਕਿਆ ਜਾਣਾ ਇਹੋ ਦਰਸਾਉਂਦਾ ਹੈ ਕਿ ਦੇਸ਼ ਦੇ ਸਾਰੇ ਸੰਸਥਾਨਾਂ ਦੀ ਵਰਤੋਂ ਹੁਣ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਇਸ ਵੇਲੇ ਬੈਂਕ ਕਰਜ਼ੇ ਮੋੜਨ ਲਈ ਨਿੱਜੀ ਕੰਪਨੀਆਂ ਨੂੰ ਵੱਡੀਆਂ ਛੋਟਾਂ ਦੇ ਰਿਹਾ ਹੈ ਪਰ ਕਿਸਾਨਾਂ ਨੂੰ ਅਜਿਹੀ ਛੋਟ ਕਦੇ ਨਹੀਂ ਦਿੱਤੀ ਗਈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ