ਰੋਪੜ/ਚੰਡੀਗੜ੍ਹ: ਮਹਿਲਾ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਦਰਦਨਾਕ ਮੌਤ ਲਈ ਸੂਬਾ ਸਰਕਾਰ ਦੇ ਹੰਕਾਰ ਨੂੰ ਜਿੰੰਮੇਵਾਰ ਠਹਿਰਾਉਂਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਸਮੂਹ ਪੰਜਾਬੀਆਂ ਨੂੰ ਇਸ ਜ਼ਾਲਮ ਸ਼ਾਸਨ ਦੇ ਖਾਤਮੇ ਲਈ ਇਕੱਠੇ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਇਹ ਹੈਰਾਨੀ ਦੀ ਗੱਲ ਹੈ ਕਿ ਉਹ ਸੂਬੇ ਦੇ ਸਿੱਖਿਆ ਮੰਤਰੀ ਨੂੰ ਬਚਾਉਣ ਲਈ ਬਿਨਾਂ ਕਿਸੇ ਸਬੂਤ ਦੇ ਆਤਮ ਹੱਤਿਆ ਲਈ ਉਕਸਾਉਣ ਲਈ ਮ੍ਰਿਤਕ ਦੇ ਪਤੀ ਅਤੇ ਸਹੁਰੇ ਦਾ ਨਾਮ ਲੈ ਰਹੇ ਹਨ ਜਦ ਕਿ ਖੁਦਕੁਸ਼ੀ ਨੋਟ ਵਿੱਚ ਸੱਚਾਈ ਦਰਜ ਹੈ।ਉਨ੍ਹਾਂ ਨੇ ਕਿਹਾ ਕਿ ਖੁਦਕੁਸ਼ੀ ਨੋਟ ਨੂੰ ਪਾਸੇ ਕਰਕੇ ਖੁਦਕੁਸ਼ੀ ਪਿੱਛੇ ਹੋਰ ਕਾਰਨ ਬਣਾ ਕੇ ਪੇਸ਼ ਕਰਨ ਦੀ ਕੋਸਿ਼ਸ ਕੀਤੀ ਜਾ ਰਹੀ ਹੈ ਤਾਂ ਜ਼ੋ ਮੰਤਰੀ ਨੂੰ ਬਚਾਇਆ ਜਾ ਸਕੇ ਅਤੇ ਧਰਨਾ ਦੇ ਰਹੇ ਅਧਿਆਪਕਾਂ ਦਾ ਵੀ ਸਰਕਾਰ ਮਜਾਕ ਬਣਾ ਰਹੀ ਹੈ।
ਇੱਥੇ ਮ੍ਰਿਤਕ ਪ੍ਰੋਫੈਸਰ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਵਿਖੇ ਦੁੱਖ ਸਾਂਝਾ ਕਰਦੇ ਹੋਏ ਭਾਜਪਾ ਆਗੂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਲਈ ਇਨਸਾਫ਼ ਲਈ ਆਪਣੀ ਲੜਾਈ ਨੂੰ ਤਰਕਪੂਰਨ ਅੰਤ ਤੱਕ ਲਿਜਾਣ ਦਾ ਭਰੋਸਾ ਦਿੱਤਾ।
ਜਾਖੜ ਨੇ ਕਿਹਾ, ਮੈਂ ਤੁਹਾਡੇ ਦੁੱਖ, ਦਰਦ ਅਤੇ ਨਿਰਾਸ਼ਾ ਨੂੰ ਸਾਂਝਾ ਕਰਨ ਲਈ ਇੱਥੇ ਆਇਆ ਹਾਂ, ਜਾਖੜ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਕੁਝ ਕਰਦੇ ਹਨ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹੇ ਹੋਣ।
ਉਨ੍ਹਾਂ ਨੇ ਕਿਹਾ ਕਿ ਇਹ ਦਿੱਲੀ ਵਿੱਚ ਬੈਠੇ ‘ਆਪ’ ਦੇ ਆਕਾਵਾਂ ਦੇ ਇਸ਼ਾਰੇ ‘ਤੇ ਸਰਕਾਰੀ ਅਧਿਆਪਕਾਂ ਦੀ ਨਿਯੁਕਤੀ ਵਿੱਚ ਦੇਰੀ ਕਰਨ ਦੀ ਸੋਚੀ ਸਮਝੀ ਸਾਜਿਸ਼ ਹੈ। ਜਾਖੜ ਨੇ ਕਿਹਾ ਕਿ ਇਹ ਉਹੀ ਆਗੂ ਹਨ ਜਿਨ੍ਹਾਂ ਨੇ ਭੋਲੇ—ਭਾਲੇ ਵੋਟਰਾਂ ਨੂੰ ਖੋਖਲੇ ਵਾਅਦਿਆਂ ਅਤੇ ਝੂਠੇ ਪ੍ਰਚਾਰ ਨਾਲ ਧੋਖਾ ਦਿੱਤਾ ਹੈ।
ਉਨ੍ਹਾਂ ਆਖਿਆ ਕਿ ਇਹ ਉਹੀ ਆਗੂ ਹਨ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ ਅਤੇ ਕਿਸਾਨ ਖੁਦਕੁਸ਼ੀਆਂ ਨਹੀਂ ਹੋਣਗੀਆਂ। ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਬਦੌਲਤ ਅੱਜ ਪੰਜਾਬ ਦੇ ਹਰ ਜਿ਼ਲ੍ਹੇ ਵਿੱਚ ਧਰਨੇ ਦਿੱਤੇ ਜਾ ਰਹੇ ਹਨ ਅਤੇ ਕਿਸਾਨਾਂ ਤੋਂ ਇਲਾਵਾ ਸਾਡੇ ਵਿਦਿਆਰਥੀ ਅਤੇ ਅਧਿਆਪਕ ਵੀ ਇਸ ਨਿਕੰਮੀ ਸਰਕਾਰ ਦੇ ਖਿਲਾਫ ਡੱਟ ਕੇ ਖੜ੍ਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦਾ ਇਹ ਧਰਨਾ ਅੱਜ 50ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਸਰਕਾਰ ਗੂੜ੍ਹੀ ਨੀਂਦ ਵਿੱਚ ਸੁੱਤੀ ਪਈ ਹੈ। ਜਾਖੜ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਾਸੀ ਅਨਿਆਂ ਨੂੰ ਬਰਦਾਸ਼ਤ ਨਹੀਂ ਕਰਨ ਲਈ ਜਾਣੇ ਜਾਂਦੇ ਹਨ ਅਤੇ ਇਸ ਸਰਕਾਰ ਨੂੰ ਉਨ੍ਹਾਂ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ।
ਭਾਜਪਾ ਪ੍ਰਧਾਨ ਦੇ ਨਾਲ ਸੂਬਾ ਭਾਜਪਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਜਿ਼ਲ੍ਹਾ ਪ੍ਰਧਾਨ ਅਜੈਵੀਰ ਸਿੰਘ ਵੀ ਹਾਜ਼ਰ ਸਨ।