ਜਲੰਧਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 'ਆਪ' ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਜਲੰਧਰ ਦੇ ਪ੍ਰਸਿੱਧ ਸ੍ਰੀ ਰਵਿਦਾਸ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ 'ਤੇ ਕੇਜਰੀਵਾਲ ਨੇ ਕਿਹਾ ਕਿ ਉਹ ਇੱਥੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਲਈ ਆਏ ਹਨ। ਗੁਰੂ ਮਹਾਰਾਜ ਉਨਾਂ ਨੂੰ ਹਿੰਮਤ ਅਤੇ ਹੌਸਲਾ ਦੇਣ ਤਾਂਕਿ ਉਹ ਪੂਰੇ ਤਨ, ਮਨ, ਧਨ ਨਾਲ ਲੋਕਾਂ ਦੀ ਨਿਰਸਵਾਰਥ ਸੇਵਾ ਕਰਦੇ ਰਹਿਣ। 

 

ਗੁਰੂ ਮਹਾਰਾਜ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਖੁਸ਼ਹਾਲ ਅਤੇ ਤੰਦਰੁਸਤ ਰੱਖਣ। ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਇੱਛਾ ਹੈ ਕਿ ਦਿੱਲੀ ਵਿੱਚ ਵੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਇੱਕ ਸੁੰਦਰ ਮੰਦਰ ਹੋਵੇ। ਮੰਦਰ ਬਣਾਉਣ ਲਈ ਕੇਂਦਰ ਸਰਕਾਰ ਨਾਲ ਕੁੱਝ ਸਰਕਾਰੀ ਸਮੱਸਿਆਵਾਂ ਚੱਲ ਰਹੀਆਂ ਹਨ, ਜਿਨਾਂ ਨੂੰ ਹੱਲ ਕਰਕੇ ਦਿੱਲੀ ਵਿੱਚ ਵੀ ਸ੍ਰੀ ਗੁਰੂ ਰਵਿਦਾਸ ਜੀ ਦਾ ਇੱਕ ਸੁੰਦਰ ਮੰਦਰ ਬਣਾਇਆ ਜਾਵੇਗਾ।


ਭਗਵੰਤ ਮਾਨ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਪੂਰੀ ਦੁਨੀਆਂ ਨੂੰ ਸਮਾਨਤਾ, ਆਜ਼ਾਦੀ, ਮਾਨਵਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਅੱਜ ਸਾਨੂੰ ਉਨਾਂ ਦੇ ਦੱਸੇ ਰਸਤੇ 'ਤੇ ਚੱਲਣ ਦੀ ਜ਼ਰੂਰਤ  ਹੈ। ਮਾਨ ਨੇ ਕਿਹਾ ਕਿ ਉਨਾਂ ਗੁਰੂ ਮਹਾਰਾਜ ਅੱਗੇ ਹਿੰਮਤ, ਹੌਸਲਾ ਅਤੇ ਤਾਕਤ ਦੇਣ ਲਈ ਬੇਨਤੀ ਕੀਤੀ ਹੈ ਤਾਂਕਿ ਦਿਨ ਰਾਤ ਇੱਕ ਕਰਕੇ ਪੰਜਾਬ ਦੀ ਤਰੱਕੀ ਲਈ ਕੰਮ ਸਕੀਏ ਅਤੇ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਖੁਸ਼ਹਾਲ ਬਣਾ ਸਕੀਏ।

 

ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਗੁਰੂ ਰਵਿਦਾਸ ਜੀ ਦੀ ਜਯੰਤੀ (Sant Ravidas Jayanti) ਮਨਾਈ ਜਾ ਰਹੀ ਹੈ।