ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਜੇ ਕੇਜਰੀਵਾਲ 'ਚ ਹਿੰਮਤ ਹੈ ਤਾਂ ਪੰਜਾਬ 'ਚ ਮੇਰੇ ਖਿਲਾਫ ਚੋਣ ਲੜੇ।  ਕੇਜਰੀਵਾਲ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਮੈਂ ਉਨ੍ਹਾਂ ਖਿਲਾਫ਼ ਡੈਫੀਨੇਸ਼ਨ ਦਾ ਕੇਸ ਦਾਇਰ ਕਰਾਂਗਾ। ਚੰਨੀ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਲੋਕਾਂ 'ਤੇ ਦੋਸ਼ ਲਾਉਂਦੇ ਹਨ ਅਤੇ ਫਿਰ ਉਨ੍ਹਾਂ ਤੋਂ ਮੁਆਫੀ ਮੰਗਦੇ ਹਨ। 

 

ਚੰਨੀ ਨੇ ਕਿਹਾ ਅਰਵਿੰਦ ਕੇਜਰੀਵਾਲ ਇਸ਼ਤਿਹਾਰਾਂ 'ਤੇ ਬਹੁਤ ਪੈਸਾ ਖਰਚ ਕਰ ਰਹੇ ਹਨ ਪਰ ਮੇਰੇ ਕੋਲ ਪੈਸੇ ਨਹੀਂ ਹਨ। ਮੈਨੂੰ ਈਡੀ ਦੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ CM ਦੇ ਨਾਲ ਜ਼ਿਆਦਾ ਸੁਰੱਖਿਆ ਚਲਦੀ ਹੈ, ਇੰਨੀ ਸੁਰੱਖਿਆ ਨਹੀਂ ਹੋਣੀ ਚਾਹੀਦੀ ,ਸੁਰੱਖਿਆ ਕਾਰਨ ਆਮ ਲੋਕਾਂ ਨੂੰ ਮਿਲਣਾ ਔਖਾ ਹੋ ਜਾਂਦਾ ਹੈ। 

 

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਸੀਨੀਅਰ ਹਨ, ਮੈਂ ਉਨ੍ਹਾਂ ਬਾਰੇ ਕੁਝ ਨਹੀਂ ਕਹਾਂਗਾ। ਸਾਡੀ ਪਾਰਟੀ ਜੋ ਵੀ ਚੋਣ ਵਾਅਦੇ ਕਰ ਰਹੀ ਹੈ, ਸਾਨੂੰ ਉਹ ਚੋਣ ਵਾਅਦੇ ਕਰਨੇ ਚਾਹੀਦੇ ਹਨ, ਜੋ ਅਸੀਂ ਪੂਰੇ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਿਰਫ਼ ਉਹੀ ਚੋਣ ਵਾਅਦੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨੂੰ ਅਸੀਂ ਪੂਰਾ ਕਰ ਸਕਦੇ ਹਾਂ।  ਅਜਿਹੀਆਂ ਚੋਣਾਵੀ ਗੱਲਾਂ ਨਾ ਕਰੋ, ਜਿਸ ਕਾਰਨ ਸਾਨੂੰ ਬਾਅਦ ਵਿੱਚ ਚੁੱਪ ਦਾ ਸਾਹਮਣਾ ਕਰਨਾ ਪਵੇ।

 

ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੋ ਵੀ ਪੰਜਾਬ ਦਾ ਆਉਣ ਵਾਲਾ ਸੀ.ਐਮ ਹੋਵੇਗਾ , ਉਸਨੂੰ ਇੱਕ ਗੱਲ ਦੀ ਚਿੰਤਾ ਕਰਨੀ ਪਵੇਗੀ ਕਿ ਚਰਨਜੀਤ ਚੰਨੀ ਸੌਂਦਾ ਨਹੀਂ ਸੀ ਅਤੇ ਉਸਨੂੰ ਉਸੇ ਤਰ੍ਹਾਂ ਕੰਮ ਕਰਨਾ ਪਵੇਗਾ। ਉਨ੍ਹਾਂ ਬਿਨ੍ਹਾਂ ਨਾਂਅ ਲਏ ਕਿਹਾ ਕਿ ਪਹਿਲਾਂ ਵਾਲਾ ਮੁੱਖ ਮੰਤਰੀ ਸ਼ਾਮ 4 ਵਜੇ ਸ਼ਰਾਬ ਪੀ ਲੈਂਦਾ ਸੀ ਤੇ ਭਗਵੰਤ ਮਾਨ ਦਾ ਹਾਲ ਵੀ ਓਹੀ ਹੈ।